ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ-ਬੰਦੇਸ਼ਾ
ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – ਮੈਂਬਰ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਸ਼ੀਤਲ ਜੁਨੇਜਾ ਅਤੇ ਜਸਕਰਨ ਬੰਦੇਸ਼ਾਂ ਵਲੋਂ ਅੰਮ੍ਰਿਤਸਰ ਦੇ ਵਪਾਰੀਆਂ ਅਤੇ ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਸਾਂਝੀ ਮੀਟਿੰਗ ਕੀਤੀ ਗਈ।ਸ਼ੀਤਲ ਜੁਨੇਜਾ ਨੇ ਕਿਹਾ ਕਿ ਸਰਕਾਰ ਅਤੇ ਵਪਾਰੀਆਂ ਦਰਮਿਆਨ ਪਏ ਦੁਵੱਲੇ ਪਾੜੇ ਨੂੰ ਦੂਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਵਪਾਰੀਆਂ ‘ਤੇ ਨਿਰਭਰ ਕਰਦੀ ਹੈ।ਜਿਸ ਸੂਬੇ ਦੇ ਵਪਾਰੀ ਖੁਸ਼ਹਾਲ ਹੋਣਗੇ, ਉਹ ਸੂਬਾ ਆਰਥਿਕ ਤੌਰ ‘ਤੇ ਵੀ ਖੁਸ਼ਹਾਲ ਹੋਵੇਗਾ।
ਜੁਨੇਜਾ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਆਪਣੀ ਜੀ.ਐਸ.ਟੀ ਜਰੂਰ ਭਰਨ ਤਾਂ ਜੋ ਸਰਕਾਰ ਇਹ ਪੈਸਾ ਵਿਕਾਸ ਦੇ ਕਾਰਜ਼ਾਂ ‘ਤੇ ਖਰਚ ਸਕੇ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਕਿਸੇ ਨਾਲ ਵੀ ਵਧੀਕੀ ਨਹੀਂ ਹੋਣ ਦੇਵੇਗੀ ਅਤੇ ਜੇਕਰ ਕਿਸੇ ਵਪਾਰੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਜਸਕਰਨ ਬੰਦੇਸ਼ਾ ਨੇ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।ਇਸ ਮੀਟਿੰਗ ਦਾ ਮਕਸਦ ਵਪਾਰੀਆਂ ਅਤੇ ਜੀ.ਐਸ.ਟੀ ਵਿਭਾਗ ਦਰਮਿਆਨ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਸੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਰਾਜ ਕਰ ਸ੍ਰੀਮਤੀ ਰਾਜਵਿੰਦਰ ਕੌਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਇਸ ਵਿਭਾਗ ਵਲੋਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਉਹ ਆਪਣਾ ਟੈਕਸ ਇਮਾਨਦਾਰੀ ਨਾਲ ਭਰਨ ਅਤੇ ਗ੍ਰਾਹਕਾਂ ਨੂੰ ਬਿੱਲ ਜਰੂਰ ਦੇਣ।
ਇਸ ਮੌਕੇ ਸੰਦੀਪ ਗੁਪਤਾ ਸਹਾਇਕ ਕਮਿਸ਼ਨਰ ਟੈਕਸ, ਮੈਂਬਰ ਪਵਨਜੀਤ ਸਿੰਘ ਗੋਲਡੀ, ਦੀਕਸ਼ਤ ਧਵਨ ਵਿਸ਼ਾਲ ਦੇਵਰਾਜ, ਸੰਜੀਵ ਸਹਿਗਲ, ਰਮਨ ਕੁਮਾਰ, ਅਮਿਤ ਕਪੂਰ, ਰਾਜਾ ਇਕਬਾਲ ਸਿੰਘ ਤੋਂ ਇਲਾਵਾ ਹੋਰ ਵਪਾਰੀ ਵੀ ਹਾਜ਼ਰ ਸਨ।