Friday, January 24, 2025

ਹਵਾਈ ਅੱਡਿਆਂ ‘ਚ ਸਿੱਖਾਂ ’ਤੇ ਕਕਾਰਾਂ ਦੀ ਪਾਬੰਦੀ ਸਬੰਧੀ ਕੇਂਦਰ ਸਰਕਾਰ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਵਫ਼ਦ

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਕੌਮੀ ਮੁੱਦਿਆਂ ’ਤੇ ਅਹਿਮ ਮਤੇ ਪਾਸ
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਮਗਰੋਂ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ’ਚ ਦੇਸ਼ ਦੇ ਹਵਾਈ ਅੱਡਿਆਂ ਅੰਦਰ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾਉਣ ਤੋਂ ਰੋਕਣ, ਕੈਨੇਡਾ ਘਟਨਾ ਮਾਮਲੇ ’ਚ ਸਿੱਖਾਂ ਖਿਲਾਫ਼ ਸਿਰਜੇ ਜਾ ਰਹੇ ਬਿਰਤਾਂਤ, ਪਾਕਿਸਤਾਨ ਦੂਤਾਵਾਸ ਵਜੋਂ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿੱਚ ਵੀਜ਼ੇ ਕੱਟੇ ਜਾਣ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਣ ਰਹੀਆਂ ਵੋਟਾਂ ਸਮੇਤ ਹੋਰ ਪੰਥਕ ਮਾਮਲਿਆਂ ’ਤੇ ਅਹਿਮ ਮਤੇ ਪਾਸ ਕੀਤੇ ਗਏ।
ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਅੰਦਰ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਕਰਨ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਵੱਡਾ ਹਮਲਾ ਹੈ।ਉਨ੍ਹਾਂ ਕਿਹਾ ਕਿ ਇਹ ਭਾਰਤੀ ਸੰਵਿਧਾਨ ਦੀ ਵੀ ਉਲੰਘਣਾ ਹੈ, ਕਿਉਂਕਿ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫ਼ਰ ਕਰਨ ਅਤੇ ਆਪਣੀਆਂ ਧਾਰਮਿਕ ਮਾਨਤਾਵਾਂ ਨਿਭਾਉਣ ਦਾ ਪੂਰਾ ਅਧਿਕਾਰ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ਮਾਮਲੇ ਨੂੰ ਸਰਕਾਰ ਨਾਲ ਵਿਚਾਰਨ ਲਈ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਭੇਜਿਆ ਜਾਵੇਗਾ।ਇਸ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸਕੱਤਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਦੇ ਨਾਂ ਸ਼ਾਮਲ ਕੀਤੇ ਗਏ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਕੈਨੇਡਾ ਅੰਦਰ ਆਪਸੀ ਵਿਚਾਰਾਂ ਦੇ ਵਖਰੇਵੇਂ ਅਤੇ ਟਕਰਾਅ ਨੂੰ ਹਿੰਦੂ ਮੰਦਰ ਉਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਦਾ ਨੋਟਿਸ ਲੈਂਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਨਿੰਦਾ ਮਤਾ ਪਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਹੋਏ ਸਿੱਖਾਂ ਦੇ ਕਤਲਾਂ ਬਾਰੇ ਜਾਂਚ ਦੀ ਥਾਂ ਜਾਣਬੁਝ ਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਵੀਜੇ ਕੱਟੇ ਜਾਣ ਬਾਰੇ ਕਿਹਾ ਕਿ ਇਸ ਸਬੰਧੀ ਪਾਕਿਸਤਾਨ ਦੂਤਾਵਾਸ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਜਲਦ ਭੇਜਿਆ ਜਾਵੇਗਾ।
ਅੰਤ੍ਰਿੰਗ ਕਮੇਟੀ ਵੱਲੋਂ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਵੀ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਰ ਸੂਚੀਆਂ ਦਾ ਮਸੌਦਾ ਪ੍ਰਕਾਸ਼ਿਤ ਕਰਨ ਸਮੇਂ ਨਿਯਮਾਂ ਅਤੇ ਸ਼ਰਤਾਂ ਦੇ ਵਿਰੁੱਧ ਕਿਸੇ ਵੀ ਆਯੋਗ ਵਿਅਕਤੀ ਦਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ।ਅੰਤ੍ਰਿੰਗ ਕਮੇਟੀ ’ਚ ਗੁਰਦੁਆਰਾ ਸਾਹਿਬਾਨ, ਟਰੱਸਟ ਤੇ ਐਜੂਕੇਸ਼ਨ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ।ਇਸੇ ਦੌਰਾਨ ਐਡਵੋਕੇਟ ਧਾਮੀ ਅਤੇ ਹੋਰ ਅਹੁੱਦੇਦਾਰਾਂ ਨੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਤਿਆਰ ਕੀਤੀ ਗਈ ਪੁਸਤਕ ‘ਸਿੱਖ ਸੰਘਰਸ਼ 1984 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ’ ਵੀ ਜਾਰੀ ਕੀਤੀ।
ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖ਼ਾਲਸਾ, ਸੁਰਜੀਤ ਸਿੰਘ ਗੜ੍ਹੀ, ਬਲਦੇਵ ਸਿੰਘ ਕਾਇਮਪੁਰ, ਦਲਜੀਤ ਸਿੰਘ ਭਿੰਡਰ, ਸੁਖਹਰਪ੍ਰੀਤ ਸਿੰਘ ਰੋਡੇ, ਰਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਪੁੜੇਣ, ਪਰਮਜੀਤ ਸਿੰਘ ਰਾਏਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਜਸਵਿੰਦਰ ਸਿੰਘ ਜੱਸੀ, ਮਨਜੀਤ ਸਿੰਘ, ਹਰਭਜਨ ਸਿੰਘ ਵਕਤਾ, ਅਮਨਬੀਰ ਸਿੰਘ ਸਿਆਲੀ ਆਦਿ ਸ਼ਾਮਲ ਹਨ।

 

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …