Friday, November 15, 2024

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਹੈ ਫ਼ਿਲਮ ‘ਆਪਣੇ ਘਰ ਬਿਗਾਨੇ’

  ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ।ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ।ਇਹ ਫਿਲਮਾਂ ਨਾ ਸਿਰਫ ਮਨੋਰੰਜਨ ਕਰ ਰਹੀਆਂ ਬਲਕਿ ਦਰਸ਼ਕਾਂ ਨੂੰ ਜ਼ਿੰਦਗੀ ਨਾਲ ਜੋੜਦਿਆਂ ਵੱਡਾ ਸੁਨੇਹਾ ਵੀ ਦੇ ਰਹੀਆਂ ਹਨ।ਇਹ ਫਿਲਮ ‘ਆਪਣੇ ਘਰ ਬਿਗਾਨੇ’ ਰਜ਼ਨੀ ਅਤੇ ਅਰਦਾਸ ਵਰਗੀਆਂ ਸਾਰਥਿਕ ਫ਼ਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦਰਸ਼ਕਾਂ ਦਾ ਦਿਲ ਜਿੱਤਣ ਦਾ ਦਮ ਰੱਖਦੀ ਹੈ।
15 ਨਵੰਬਰ ਨੂੰ ਰਿਲੀਜ ਹੋਣ ਜਾ ਰਹੀ ਇਸ ਫਿਲਮ ਦਾ ਟਾਈਟਲ ਹੀ ਆਪਣੇ ਆਪ ਵਿੱਚ ਬਹੁਤ ਕੁੱਝ ਬਿਆਨ ਕਰ ਰਿਹਾ ਹੈ।ਨਾਮਵਾਰ ਕਾਮੇਡੀਅਨ, ਲੇਖਕ ਤੇ ਅਦਾਕਾਰ ਬਲਰਾਜ ਸਿਆਲ ਦੀ ਲਿਖੀ ਅਤੇ ਉਹਨਾਂ ਵਲੋਂ ਹੀ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਯੋਗਰਾਜ ਸਿੰਘ, ਰਾਣਾ ਰਣਬੀਰ, ਪ੍ਰੀਤ ਔਜਲਾ, ਬਲਰਾਜ ਸਿਆਲ, ਅਰਮਾਨ ਔਜਲਾ, ਸੁਖਵਿੰਦਰ ਰਾਜ ਬੁੱਟਰ ਸਮੇਤ ਕਈ ਨਾਮੀ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਕੜਾਕੇ ਦੀ ਠੰਢ ਵਿੱਚ ਫਿਲਮਾਈ ਇਸ ਫ਼ਿਲਮ ਵਿੱਚ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਬਾਤ ਪਾਈ ਗਈ ਹੈ।‘ਗੈਂਗ ਆਫ਼ ਫਿਲਮ ਮੇਕਰਜ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਪਰਮਜੀਤ ਸਿੰਘ, ਆਕਾਸ਼ਦੀਪ ਤੇ ਗਗਨਦੀਪ ਚਾਲੀ ਦੀ ਇਸ ਫ਼ਿਲਮ ਦੇ ਕਰੇਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ ਇਹ ਫਿਲਮ ਆਮ ਪੰਜਾਬੀ ਫਿਲਮਾਂ ਤੋਂ ਬਿਲਕੁੱਲ ਵੱਖਰੇ ਕਿਸਮ ਦੀ ਫਿਲਮ ਹੈ, ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ।ਦਾਦੇ ਅਤੇ ਪੋਤੇ ਦੇ ਖੂਬਸੂਰਤ ਅਤੇ ਸਦੀਵੀਂ ਰਿਸ਼ਤੇ ਦੁਆਲੇ ਬੁਣੀ ਗਈ ਇਹ ਫਿਲਮ ਤੇਜ਼ੀ ਨਾਲ ਬਦਲ ਰਹੇ ਅਜੌਕੇ ਰਿਸ਼ਤਿਆਂ ਦੀ ਕਹਾਣੀ ਹੈ।ਬਦਲੇ ਸਮੇਂ ‘ਚ ਬੇਸ਼ੱਕ ਸਾਡੇ ਘਰ ਪੱਕੇ ਹੋ, ਪਰ ਰਿਸ਼ਤੇ ਕੱਚੇ ਹੋ ਗਏ ਹਨ।
ਫਿਲਮ ਦੇ ਲੇਖਕ ਤੇ ਨਿਰਦੇਸ਼ਕ ਬਲਰਾਜ ਸਿਆਲ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਹਨਾਂ ਦੀ ਪਹਿਲੀ ਫਿਲਮ ਹੈ।ਇਹ ਫਿਲਮ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਹੈ।ਫਿਲਮ ਦੇ ਬਹੁਤ ਸਾਰੇ ਪਾਤਰ ਦਰਸ਼ਕਾਂ ਨੂੰ ਆਪਣੇ ਆਲੇ-ਦੁਆਲੇ ਦੇ ਹੀ ਲੱਗਣਗੇ।ਕੋਈ ਕਿਸੇ ਤੋਂ ਬਿਨਾਂ ਖੁਸ਼ ਨਹੀਂ ਰਹਿ ਸਕਦਾ ਤੇ ਕੋਈ ਕਿਸੇ ਦੇ ਨਾਲ ਹੁੰਦਿਆਂ ਵੀ ਖੁਸ਼ ਨਹੀਂ ਹੈ।ਸੁਆਰਥ ਖੂਨ ਦੇ ਰਿਸ਼ਤਿਆਂ ਨੂੰ ਵੀ ਖਤਮ ਕਰ ਰਿਹਾ ਹੈ।ਇਹ ਫਿਲਮ ਸਾਡੇ ਸਮਾਜ, ਸਾਡੇ ਆਸ-ਪਾਸ ਅਤੇ ਸਾਡੇ ਆਪਣਿਆਂ ਦੀ ਕਹਾਣੀ ਹੈ।ਫਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਦਿੱਗਜ਼ ਅਦਾਕਾਰ ਯੋਗਰਾਜ ਸਿੰਘ ਮੁਤਾਬਕ “ਰਜਨੀ” ਫ਼ਿਲਮ ਤੋਂ ਬਾਅਦ ਦਰਸ਼ਕ ਇਸ ਵਿੱਚ ਉਹਨਾਂ ਨੂੰ ਇੱਕ ਵੱਖਰੇ ਤੇ ਦਮਦਾਰ ਕਿਰਦਾਰ ਵਿੱਚ ਦੇਖਣਗੇ।ਇਹ ਫ਼ਿਲਮ ਦੇਖਦਿਆਂ ਤੁਹਾਨੂੰ ਪਤਾ ਲੱਗੇਗਾ ਕਿ ਬਜ਼ੁਰਗਾਂ ਨੂੰ ਘਰ ਦਾ ਤਾਲਾ ਕਿਉਂ ਕਿਹਾ ਜਾਂਦਾ ਹੈ।ਇਸ ਫਿਲਮ ਨੂੰ ਦਾਦੇ-ਪੋਤੇ ਦੇ ਰਿਸ਼ਤੇ ਦੀ ਕਹਾਣੀ ਵਾਲੀ ਫ਼ਿਲਮ ਵੀ ਕਿਹਾ ਜਾ ਸਕਦਾ ਹੈ।ਰਿਸ਼ਤਿਆਂ ਦੀ ਭੰਨ-ਤੋੜ ਵਿੱਚ ਪਿਸ ਰਹੇ ਇਕ ਨੰਨੇ ਬੱਚੇ ਦਾ ਦਰਦ ਤੁਹਾਨੂੰ ਸੋਚਣ ਲਈ ਮਜ਼ਬੂਰ ਕਰੇਗਾ ਕਿ ਕੀ ਅਸੀਂ ਜ਼ਿੰਦਗੀ ਜਿਓ ਰਹੇ ਹਾਂ ਜਾਂ ਕੱਟ ਰਹੇ ਹਾਂ।
ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫ਼ਿਲਮ ਵਿੱਚ ਇੱਕ ਅਜਿਹੇ ਪੁੱਤ ਦੀ ਭੂਮਿਕਾ ਨਿਭਾਈ, ਜੋ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦਾ ਹੈ।ਪਰ ਹਾਲਾਤ ਵਕਤੀ ਤੌਰ ‘ਤੇ ਉਸ ਨੂੰ ਆਪਣੇ ਪਿਤਾ ਦੇ ਵਿਰੋਧ ‘ਚ ਖੜਾ ਕਰ ਦਿੰਦੇ ਹਨ।ਉਹ ਇਸ ਵਿੱਚੋਂ ਕਿਵੇਂ ਨਿਕਲਦਾ ਹੈ।ਘਰ ਚਲਾਉਣ ਲਈ ਉਸਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਹਨ। ਕਿਵੇਂ ਉਹ ਰਿਸ਼ਤਿਆਂ ਵਿੱਚ ਤਾਲਮੇਲ ਰੱਖਦਾ ਹੈ, ਇਹ ਇਸ ਫ਼ਿਲਮ ਦਾ ਦਿਲਚਸਪ ਪੱਖ ਹੈ।
ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਖੂਬਸੂਰਤ ਤੇ ਦਿਲ ਟੁੰਬਵਾਂ ਹੈ।ਫਿਲਮ ਦਾ ਮਿਊਜ਼ਿਕ ਗੋਲਡ ਬੁਆਏਜ, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ।ਫਿਲਮ ਲਈ ਗੀਤ ਅਬੀਰ, ਗੁਰਜੀਤ ਖੋਸਾ, ਵਿੰਦਰ ਨੱਥੂਮਾਜ਼ਰਾ ਨੇ ਲਿਖੇ ਹਨ।ਇਹਨਾਂ ਗੀਤਾਂ ਨੂੰ ਅਵਾਜ਼ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ।ਲੇਖ 1411202401

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਜੰਕ ਫੂਡ ਅਤੇ ਮੋਬਾਇਲ ਫੋਨ ਦੇ ਨੁਕਸਾਨ ਦੱਸੇ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) -ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ …