Friday, December 27, 2024

ਪੌਦੇ ਕੇਵਲ ਮਨੁੱਖਾਂ ਲਈ ਹੀ ਨਹੀਂ, ਸਗੋਂ ਸਮੁੱਚੇ ਜੀਵਨ ਚੱਕਰ ਲਈ ਜਰੂਰੀ – ਪ੍ਰੋ. ਪਲਵਿੰਦਰ ਸਿੰਘ

ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਵਿਗਿਆਨ ਵਿਭਾਗ ਵਲੋਂ

13 ਨਵੰਬਰ ਨੂੰ ਪ੍ਰੋ. ਆਈ.ਐਸ ਗਰੋਵਰ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਅਵਿਨਾਸ਼ ਕੌਰ (ਪ੍ਰੋਫ਼ੈਸਰ ਸੇਵਾਮੁਕਤ) ਵਿਚਕਾਰ ਸਮਝੌਤਾ ਤਹਿਤ ਸਥਾਪਿਤ ਕੀਤਾ ਗਿਆ ਹੈ, ਦਾ ਆਯੋਜਨ ਕੀਤਾ ਗਿਆ।ਪ੍ਰੋ. ਨਾਗਪਾਲ ਨੇ ਦੱਸਿਆ ਕਿ ਇਹ ਐਵਾਰਡ ਪ੍ਰੋ. ਆਈ.ਐਸ ਗਰੋਵਰ ਬਾਨੀ ਮੁਖੀ ਬੋਟਨੀ ਵਿਭਾਗ ਅਤੇ ਡੀਨ ਫੈਕਲਟੀ ਆਫ਼ ਲਾਈਫ ਸਾਇੰਸਿਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਂ `ਤੇ ਸਥਾਪਤ ਕੀਤਾ ਗਿਆ ਹੈ।
ਇਸ ਸਾਲ ਇਹ ਪੁਰਸਕਾਰ ਪੌਦਾ ਅਤੇ ਵਾਤਾਵਰਣ ਵਿਗਿਆਨ ਦੇ ਖੇਤਰ ਵਿੱਚ ਉੱਘੇ ਵਿਗਿਆਨੀ ਡਾ. ਅਸ਼ੀਹੋ ਏ.ਮਾਓ ਡਾਇਰੈਕਟਰ ਬੋਟੈਨੀਕਲ ਸਰਵੇ ਆਫ਼ ਇੰਡੀਆ ਕੋਲਕਾਤਾ ਨੂੰ ਦਿੱਤਾ ਗਿਆ, ਜਿਨ੍ਹਾਂ ਨੇ “ਭਾਰਤ ਦੀ ਫਲੋਰਿਸਟਿਕ ਵੈਲਥ” ਵਿਸ਼ੇ `ਤੇ ਭਾਸ਼ਣ ਦਿੱਤਾ ਸੀ।ਇਸ ਪੁਰਸਕਾਰ ਵਿੱਚ ਵੀਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਪੁਰਸਕਾਰ ਅਤੇ ਇੱਕ ਸਰਟੀਫਿਕੇਟ ਸ਼ਾਮਿਲ ਹੈ।
ਇਸ ਪੁਰਸਕਾਰ ਦਾ ਉਦੇਸ਼ ਪੌਦਿਆਂ ਅਤੇ ਵਾਤਾਵਰਣ ਵਿਗਿਆਨ ਦੇ ਖੇਤਰਾਂ ਵਿੱਚ ਉੱਘੇ ਵਿਗਿਆਨੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਦੇਸ਼ ਦੇ ਪ੍ਰਮੁੱਖ ਵਿਗਿਆਨੀਆਂ ਦੁਆਰਾ ਕੀਤੀਆਂ ਜਾ ਰਹੀਆਂ ਖੋਜ਼ਾਂ ਬਾਰੇ ਜਾਣੂ ਕਰਵਾਉਣਾ ਹੈ।ਸਮਾਗਮ ਦਾ ਆਰੰਭ ਡਾ. ਮਾਓ ਵੱਲੋਂ ਦੀਪ ਜਗਾ ਕੇ ਕੀਤਾ ਗਿਆ।ਪ੍ਰੋ. ਵਸੁਧਾ ਸੰਬਿਆਲ ਡੀਨ ਲਾਈਫ ਸਾਇੰਸਿਜ਼ ਫੈਕਲਟੀ ਅਤੇ ਵਿਭਾਗ ਦੇ ਫੈਕਲਟੀ ਮੈਂਬਰ ਹਾਜ਼ਰ ਸਨ। ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਤੇ ਪ੍ਰੋ. ਸਤਵਿੰਦਰਜੀਤ ਕੌਰ ਨੇ ਬੋਟੈਨੀਕਲ ਗਾਰਡਨ ਬਾਰੇ ਸੰਖੇਪ ਜਾਣਕਾਰੀ ਦਿੱਤੀ।ਸਮਾਗਮ ਦੇ ਕੋਆਰਡੀਨੇਟਰ ਅਤੇ ਨੋਡਲ ਅਫਸਰ ਪ੍ਰੋ. ਜਤਿੰਦਰ ਕੌਰ ਨੇ ਲੈਕਚਰਸ਼ਿਪ ਐਵਾਰਡ ਬਾਰੇ ਜਾਣ ਪਛਾਣ ਕਰਵਾਈ।
ਡਾ. ਮਾਓ ਨੇ ਛੋਟੇ ਤੇ ਵੱਡੇ ਪੌਦਿਆਂ ਬਾਰੇ ਗੱਲ ਕਰਦਿਆਂ ਦੇਸ਼ ਦੇ ਫਲੋਰਿਸਟਿਕ ਸਰੋਤ ਦੀ ਸੰਖੇਪ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪੌਦਿਆਂ ਦੀ ਵਿਭਿੰਨਤਾ ਦੀ ਸੰਭਾਲ ਲਈ ਵਰਗੀਕਰਨ ਦੀ ਮਹੱਤਤਾ `ਤੇ ਜ਼ੋਰ ਦਿੱਤਾ, ਜੋ ਤੇਜ਼ੀ ਨਾਲ ਖਤਮ ਹੋ ਰਹੀ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀਨ ਅਕਾਦਮਿਕ ਮਾਮਲੇ ਦੇ ਡੀਨ ਪ੍ਰੋ. ਪਲਵਿੰਦਰ ਸਿੰਘ ਨੇ ਕਿਹਾ ਕਿ ਪੌਦੇ ਰਸਾਇਣਾਂ ਦੇ ਸੰਭਾਵੀ ਸਰੋਤ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐਲੋਪੈਥਿਕ ਦਵਾਈਆਂ ਦੀ ਤਿਆਰੀ ਵਿੱਚ ਵਰਤੇ ਜਾਂਦੇ ਹਨ।ਪੌਦੇ ਕੇਵਲ ਮਨੁੱਖ ਜਾਤੀ ਲਈ ਹੀ ਨਹੀਂ, ਸਗੋਂ ਧਰਤੀ ਦੇ ਸਾਰੇ ਜੀਵਨ ਲਈ ਮਹੱਤਵਪੂਰਨ ਹਨ। ਉਨ੍ਹਾਂ ਨੇ ਵਿਭਾਗ ਦੇ ਖੋਜਕਰਤਾਵਾਂ ਨੂੰ ਵੱਖ-ਵੱਖ ਪੌਦਿਆਂ ਦੀਆਂ ਕਿਸਮਾਂ ਦੇ ਬਾਇਓਐਕਟਿਵ ਮਿਸ਼ਰਣਾਂ ਨੂੰ ਅਲੱਗ-ਥਲੱਗ ਕਰਨ ਅਤੇ ਵਿਸ਼ੇਸ਼ਤਾ ਵਿੱਚ ਹੋਰ ਖੋਜ਼ ਕਰਨ ਲਈ ਉਤਸ਼ਾਹਿਤ ਕੀਤਾ।
ਪ੍ਰੋ. ਵਸੁਧਾ ਸੰਭਿਆਲ ਡੀਨ ਲਾਈਫ ਸਾਇੰਸਿਜ਼ ਫੈਕਲਟੀ, ਹਰਤੇਜ ਨਰਸਿੰਗ ਹੋਮ ਤੋਂ ਡਾ. ਹਰਮੋਹਿੰਦਰ ਸਿੰਘ ਨਾਗਪਾਲ, ਅਵੀਮੀਤ ਡੈਂਟਲ ਕਲੀਨਿਕ ਤੋਂ ਡਾ. ਜਗਮੀਤ ਸਿੰਘ ਨਾਗਪਾਲ ਅਤੇ ਡਾ. ਜੀ.ਐਸ ਵਿਰਕ (ਸੇਵਾਮੁਕਤ ਪ੍ਰੋ.) ਤੋਂ ਇਲਾਵਾ ਅਧਿਆਪਕ ਤੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ।ਪ੍ਰੋ. ਜਤਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਡਾ. ਨੀਤਿਕਾ ਕਪੂਰ ਨੇ ਮੰਚ ਸੰਚਾਲਨ ਕੀਤਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …