ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਨਰਸਿੰਗ ਵਿਖੇ ਵਿੱਦਿਅਕ ਸੈਸ਼ਨ ਦੀ ਆਰੰਭਤਾ ਦੇ ਸਬੰਧ ’ਚ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦਿਆਂ ਧਾਰਮਿਕ ਦੇ ਨਾਲ-ਨਾਲ ਬੁਨਿਆਂਦੀ ਵਿੱਦਿਆ ’ਤੇ ਜ਼ੋਰ ਦਿੰਦਿਆਂ ਨਾਮਵਰ ਸਖਸ਼ੀਅਤਾਂ ਦੀਆਂ ਉਦਾਹਰਣਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ‘ਸਹਿਜ ਪਾਠ’ ਜੀ ਦਾ ਭੋਗ ਉਪਰੰਤ ਕਾਲਜ ਵਿਦਿਆਰਥਣਾਂ ਵਲੋਂ ਹਾਜ਼ਰ ਸੰਗਤ ਨੂੰ ਰਸਭਿੰਨਾ ਕੀਰਤਨ ਗਾਇਨ ਕਰਕੇ ਨਿਹਾਲ ਕੀਤਾ।ਵਿਸ਼ੇਸ਼ ਮਹਿਮਾਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਵਲੋਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਧਾਰਮਿਕ ਵਿਚਾਰ ਸਾਂਝੇ ਕੀਤੇ ਗਏ।ਉਨ੍ਹਾਂ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਹੇਠ ਚੱਲ ਰਹੀਆਂ ਸਮੂਹ ਖ਼ਾਲਸਾ ਕਾਲਜ ਸੰਸਥਾਵਾਂ ਦੀਆਂ ਰਵਾਇਤਾਂ ਅਨੁਸਾਰ ਨਵੇਂ ਸੈਸ਼ਨ ਦੀ ਆਰੰਭਤਾ ’ਤੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਰਵਾਏ ਜਾਂਦੇ ਧਾਰਮਿਕ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਮਹਿਲ ਸਿੰਘ ਅਤੇ ਡਾ. ਗੋਗੋਆਣੀ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਜੀਵਨ ’ਚ ਤਰੱਕੀ ਅਤੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਸ਼ੁਭਇੱਛਾਵਾਂ ਦਿੱਤੀਆਂ।ਡਾ: ਅਮਨਪ੍ਰੀਤ ਕੌਰ ਨੇ ਅਰਦਾਸ ਦਿਵਸ ’ਚ ਪਹੁੰਚੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ’ਚ ਸਮਾਜ ਦੀ ਭਲਾਈ ਲਈ ਕਾਰਜ਼ਾਂ ਨੂੰ ਸਵਰਗ ਦੱਸਿਆ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਸਮਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …