ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਡਾ. ਮਨਮੋਹਨ ਸਿੰਘ ਨਮਿਤ ਸ਼ੋਕ ਸਭਾ ਕਰ ਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਅਤੇ ਇਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਇਸ ਨਾਲ ਸਬੰਧਤ ਅਦਾਰੇ ਇਕ ਦਿਨ ਲਈ ਬੰਦ ਰੱਖੇ ਗਏ।ਸ਼ੋਕ ਸਭਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕਰਕੇ ਅਰਦਾਸ ਕੀਤੀ।ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਡਾ. ਮਨਮੋਹਨ ਸਿੰਘ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ।ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਇੱਕ ਆਮ ਪਰਿਵਾਰ ਵਿੱਚੋਂ ਉਠ ਕੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਉੱਚ ਸਥਾਨ ਪ੍ਰਾਪਤ ਕੀਤਾ।ਉਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ, ਜਿਸ ਨਾਲ ਪੰਜਾਬੀਆਂ ਅਤੇ ਖਾਸਕਰ ਸਿੱਖ ਦਸਤਾਰ ਦੀ ਪਛਾਣ ਨੂੰ ਪੂਰੀ ਦੁਨੀਆਂ ਵਿੱਚ ਉੱਭਰੀ।ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਡਾ. ਮਨਮੋਹਨ ਸਿੰਘ ’ਤੇ ਮਾਣ ਹੈ ਅਤੇ ਉਨ੍ਹਾਂ ਦੇ ਸਤਿਕਾਰ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਅਦਾਰਿਆਂ ’ਚ ਇਕ ਦਿਨ ਦੀ ਛੁੱਟੀ ਕੀਤੀ ਗਈ ਹੈ।
ਸ਼ੋਕ ਸਭਾ ਮੌਕੇ ਓ.ਐਸ.ਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਗੁਰਚਰਨ ਸਿੰਘ ਕੋਹਾਲਾ, ਜਸਵਿੰਦਰ ਸਿੰਘ ਜੱਸੀ, ਬਲਵਿੰਦਰ ਸਿੰਘ ਖੈਰਾਬਾਦ, ਹਰਭਜਨ ਸਿੰਘ ਵਕਤਾ, ਸੁਪਰਡੈਂਟ ਨਿਸ਼ਾਨ ਸਿੰਘ, ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸਤਨਾਮ ਸਿੰਘ ਰਿਆੜ ਸਮੇਤ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੂਹ ਸਟਾਫ਼ ਮੌਜ਼ੂਦ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …