ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਦੌਰਾਨ ਤਿਆਰ ਕਰਵਾਏ ਗਏ ਸੀ ਨਾਟਕ ਕੇਵਲ ਧਾਲੀਵਾਲ
ਅੰਮ੍ਰਿਤਸਰ, 16 ਜਨਵਰੀ (ਦੀਪ ਦਵਿੰਦਰ ਸਿੰਘ) – ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਦਿੱਲੀ ਦੇ ਸਹਿਯੋਗ ਨਾਲ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਲਗਾਤਾਰ ਇੱਕ ਮਹੀਨਾ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਦਾ ਸਮਾਪਨ ਸਮਾਰੋਹ ਯਾਦਗਾਰ ਹੋ ਨਿਬੜਿਆ।ਸਮਾਪਨ ਸਮਾਰੋਹ ਦੇ ਆਖਰੀ ਦਿਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਤੇ ਨਿਰਦੇਸ਼ਤ ਖਾਲੀ ਹੋ ਰਹੇ ਪੰਜਾਬ ਦੀ ਕਹਾਣੀ ਨੂੰ ਬਿਆਨ ਕਰਦਾ ਨਾਟਕ ‘ਪੰਜਾਬ ਵੇ’ ਦਾ ਸਫ਼ਲਤਾਪੂਰਵਕ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।
ਨਾਟਕ ‘ਪੰਜਾਬ ਵੇ’ ਦੀ ਕਹਾਣੀ ਅੱਜ ਦੇ ਪੰਜਾਬ ਬਾਰੇ ਹੈ, ਜੋ ਆਪਣੀ ਜਵਾਨੀ ਤੋਂ ਬਿਨਾਂ ਦਿਨੋਂ-ਦਿਨ ਬੰਜ਼ਰ ਹੁੰਦੀ ਜਾ ਰਹੀਂ ਹੈ।ਨੌਜਵਾਨ, ਪੰਜਾਬ ਦਾ ਭਵਿੱਖ ਜੋ ਬੇਰੁਜ਼ਗਾਰੀ, ਗਲਤ ਸਿੱਖਿਆ ਨੀਤੀਆਂ ਅਤੇ ਸਿੱਖਿਆ ਪ੍ਰਣਾਲੀਆਂ ਦੀ ਅਸਫ਼ਲਤਾ ਕਾਰਨ ਆਪਣੇ ਸੂਬੇ ’ਚ ਰਹਿਣ ਲਈ ਕੋਈ ਦਿਲਚਸਪੀ ਨਹੀਂ ਰੱਖਦਾ।ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣ ਲਈ ਤੜਪ ਰਹੇ ਹਨ ਭਾਵੇਂ ਉਹ ਕਾਨੂੰਨੀ ਤਰੀਕੇ ਨਾਲ ਜਾਣ ਚਾਹੇ ਗੈਰ-ਕਾਨੂੰਨੀ ਤਰੀਕੇ ਨਾਲ।ਇਥੋਂ ਤੱਕ ਕਿ ਉਹ ਆਪਣੀ ਜਾਨ ਅਤੇ ਜ਼ਮੀਨ ਨੂੰ ਵੀ ਮੁਸ਼ਕਿਲ ਵਿੱਚ ਪਾਉਂਦੇ ਹਨ।ਉਹ ਵਿਦੇਸ਼ੀ ਵੀਜ਼ਾ ਪ੍ਰਾਪਤ ਕਰਨ ਲਈ ਨੰਗੇ ਪੈਰ ਤਲਵਾਰਾਂ ਦੀ ਧਾਰ ’ਤੇ ਤੁਰ ਰਹੇ ਹਨ ਅਤੇ ਇਮੀਗ੍ਰੇਸ਼ਨ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ।ਆਪਣਾ ਮਾਨ-ਸਨਮਾਨ, ਪੈਸਾ ਅਤੇ ਪਰਿਵਾਰ ਗੁਆ ਰਹੇ ਹਨ।ਜਾਅਲੀ ਵਿਆਹ, ਵਿਦੇਸ਼ੀ ਸਿੱਖਿਆ ਜਾਂ ਗੈਰ-ਕਾਨੂੰਨੀ ਪ੍ਰਵੇਸ਼ ਵਿਦੇਸ਼ ਵਿੱਚ ਜਾਣ ਲਈ ਉਨ੍ਹਾਂ ਦੇ ਸਾਧਨ ਹਨ।ਵਿਦੇਸ਼ੀ ਧਰਤੀ ’ਤੇ ਜ਼ਿੰਦਗੀ ਜਿਊਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।ਇਸ ਸਾਰੇ ਮੁਸ਼ਕਿਲਾਂ ਦੇ ਨਾਲ ਪੰਜਾਬ ਦਿਨੋ-ਦਿਨ ਆਪਣੀ ਜਵਾਨੀ ਗੁਆ ਰਿਹਾ ਹੈ।ਨਾਟਕ ‘ਪੰਜਾਬ ਵੇ’ ਇਸ ਨੰਗੇ ਸੱਚ ਦੇ ਹਨੇਰੇ ਪੱਖਾਂ ਨੂੰ ਉਜਾਗਰ ਕਰਦਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿਣ ਦੀ ਅਪੀਲ ਕਰਦਾ ਹੈ।
ਇਸ ਨਾਟਕ ਵਿੱਚ ਸਾਜਨ ਸਿੰਘ, ਸਿਦਕ ਗਿੱਲ, ਰੋਬਿਨਪ੍ਰੀਤ, ਆਕਾਸ਼ਦੀਪ, ਲਵਪ੍ਰੀਤ, ਅਭਿਸ਼ੇਕ ਐਰੀ, ਰਮਨ, ਸ਼ਾਕਸ਼ੀ ਰਾਠੌਰ, ਸ਼ਿਵਮ ਸਿੰਗਲਾ, ਵਿਪਨ, ਸੂਰਜ ਸਿੰਘ, ਸਰਤਾਜ ਸਿੰਘ, ਕਰਨ, ਏਕਮ, ਨਰੈਣ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਗੀਤ-ਸੰਗੀਤ ਕੁਸ਼ਾਗਰ ਕਾਲੀਆ ਅਤੇ ਰੋਸ਼ਨੀ ਪ੍ਰਭਾਵ ਸੰਜੇ ਕੁਮਾਰ ਵਲੋਂ ਦਿੱਤਾ ਗਿਆ।ਨਾਟਕ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਦਾਕਾਰਾ ਸ੍ਰੀਮਤੀ ਜਤਿੰਦਰ ਕੌਰ, ਡਾ. ਅਰਵਿੰਦਰ ਕੌਰ ਧਾਲੀਵਾਲ, ਡਾ. ਅਵਤਾਰ ਸਿੰਘ, ਸਤਨਾਮ ਕੌਰ ਨਿੱਝਰ, ਰਮੇਸ਼ ਯਾਦਵ, ਅਦਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਪ੍ਰੀਤਪਾਲ ਰੁਪਾਣਾ, ਗਾਇਕ ਹਰਿੰਦਰ ਸੋਹਲ, ਗੁਰਤੇਜ ਮਾਨ ਆਦਿ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।