500 ਕਰੋੜ ਦੀ ਲਾਗਤ ਨਾਲ ਬਣੇਗਾ ਸੁਰਜੀਤ ਪਾਤਰ ਕਲਾ ਤੇ ਸਭਿਆਚਾਰ ਕੇਂਦਰ
ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਥੇ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਇਸ ਸਦੀ ਦੇ ਮਹਾਨ ਕਵੀ ਦੱਸਦਿਆਂ ਉਨ੍ਹਾਂ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ ਬਣਾਉਣ ਦਾ ਐਲਾਨ ਕੀਤਾ, ਉਥੇ ਉਨ੍ਹਾਂ ਨੇ ਨੌਜੁਆਨ ਕਵੀਆਂ ਨੂੰ ਸੁਰਜੀਤ ਪਾਤਰ ਯਾਦਗਾਰੀ ਸਨਮਾਨ ਦੇਣ ਦਾ ਵੀ ਐਲਾਨ ਕੀਤਾ।ਉਨ੍ਹਾਂ ਇਹ ਵੀ ਕਿਹਾ ਪੰਜਾਬੀ ਭਾਸ਼ਾ ਨੂੰ ਤਕਨੀਕੀ ਤੌਰ `ਤੇ ਮਜਬੂਤ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਅਤੇ ਹੋਰ ਸਾਹਿਤ ਸੰਸਥਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ।ਉਨਾਂ੍ਹ ਕਿਹਾ ਕਿ ਮੌਜ਼ੂਦਾ ਦੌਰ ਵਿੱਚ ਅੰਕੜਿਆਂ ਕੀ ਕਮੀ ਨੂੰ ਪੂਰਾ ਕਰਦਿਆਂ ਪੰਜਾਬੀ ਭਾਸ਼ਾ ਨੂੰ ਤਕਨੀਕੀ ਤੌਰ `ਤੇ ਸਮੇਂ ਦਾ ਹਾਣ ਦਾ ਕੀਤਾ ਜਾਵੇਗਾ।ਉਨ੍ਹਾਂ ਆਰਟੀਫੀਸ਼ੀਅਲ ਇਨਟੈਲੀਜੈਂਸ ਨੂੰ ਲੋਕ ਭਲਾਈ ਵੱਲ ਕਿੱਦਾਂ ਮੋੜਿਆ ਜਾ ਸਕਦਾ ਹੈ, ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟਟੀ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ ਲਈ ਜੋ ਵੀ ਪਰਪੋਜ਼ਲ ਪੇਸ਼ ਕਰੇਗੀ।ਇਸ ਦੇ ਨਾਲ ਹੀ ਹਰ ਸਾਲ ਯੂਨੀਵਰਸਿਟੀ `ਚ ਹੋਣ ਵਾਲੇ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ ਲਈ ਵੀ ਯੂਨਵਿਰਸਿਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਸੁਰਜੀਤ ਪਾਤਰ ਸਾਹਿਤ `ਤੇ ਖੋਜ਼ ਕਾਰਜ ਅਤੇ ਹੋਰ ਉਦਮ ਹੁੰਦੇ ਰਹਿਣ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ `ਚ ਕਰਵਾਏ ਗਏ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ-2025 `ਚ ਕਵੀਆਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਸੁਰਜੀਤ ਪਾਤਰ ਨਾਲ ਬਿਤਾਏ ਆਪਣੇ ਯਾਦਗਾਰੀ ਦਿਨਾਂ ਨੂੰ ਯਾਦ ਕਰਦਿਆਂ ਜਿਥੇ ਆਪਣੀ ਕਵਿਤਾ ਹਾਂ ਇਹ ਕਿੱਸਾ ਹੈ, ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੀ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪੇਸ਼ ਕੀਤੀ।ਮਾਨ ਨੇ ਡਾ. ਪਾਤਰ `ਤੇ ਮਾਣ ਮਹਿਸੂਸ ਕਰਵਾਉਂਦਿਆਂ ਕਿਹਾ ਕਿ ਜੇਕਰ ਅੰਗਰੇਜ਼ੀ ਭਾਸ਼ਾ ਦੇ ਕੋਲ ਕੀਟਸ ਵਰਗੇ ਸ਼ਾਇਰ ਹਨ ਤਾਂ ਪੰਜਾਬੀ ਦੇ ਕੋਲ ਸੁਰਜੀਤ ਪਾਤਰ ਵਰਗੇ ਅਜ਼ੀਮ ਸ਼ਾਇਰ ਹਨ।ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਕਰਕੇ ਪੰਜਾਬੀ ਭਾਸ਼ਾ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।
ਉਨ੍ਹਾਂ ਅੱਜ ਮਾਘੀ ਦੇ ਪਵਿਤਰ ਦਿਹਾੜੇ `ਤੇ ਟੁੱਟੀ ਗੰਢੀ ਇਤਿਹਾਸਕ ਘਟਨਾ ਨੂੰ ਨਮਨ ਕਰਦਿਆਂ ਕਿਹਾ ਕਿ ਪੰਜਾਬੀ ਇੱਕ ਅਮੀਰ ਭਾਸ਼ਾ ਹੈ ਜੋ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ ਅਤੇ ਇਸ ਸਮੇਂ ਸਾਰੀ ਦੁਨੀਆਂ ਵਿੱਚ ਜਿਥੇ ਜਿਥੇ ਪੰਜਾਬੀ ਵਸਦੇ ਹਨ ਉਥੇ ਪੰਜਾਬੀ ਭਾਸ਼ਾ ਬੋਲੀ ਜਾ ਰਹੀ ਹੈ।ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣਾ ਸਭਿਆਚਾਰ ਨਾਲ ਲੈ ਕੇ ਜਾਂਦੇ ਹਨ।
ਮੁੱਖ ਮੰਤਰੀ ਸ. ਮਾਨ ਨੇ ਇਸ ਮੌਕੇ ਉਚੇਚੇ ਤੌਰ `ਤੇ ਸੁਰਜੀਤ ਪਾਤਰ ਦੀ ਧਰਮ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ, ਭਰਾ ਉਪਕਾਰ ਸਿੰਘ, ਭੈਣ ਬਲਬੀਰ ਕੌਰ ਅਤੇ ਸਪੁੱਤਰ ਮਨਰਾਜ ਪਾਤਰ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਵੱਲੋਂ ਅਮਰਜੀਤ ਸਿੰਘ ਗਰੇਵਾਲ ਰਚਿਤ ਸੁਰਜੀਤ ਪਾਤਰ ਨਾਲ ਸਬੰਧਤ ਪੁਸਤਕ `ਪੋਇਟਿਕ ਟਰੁੱਥ ਜਰਨੀਇੰਗ ਵਿਦ ਸੁਰਜੀਤ ਪਾਤਰ` ਨੂੰ ਵੀ ਰਲੀਜ਼ ਕੀਤਾ।
ਇਸ ਤੋਂ ਪਹਿਲਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫ਼ੈਸਰ ਕਰਮਜੀਤ ਸਿੰਘ, ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਯੂਨੀਵਰਸਿਟੀ ਪੱਜਣ `ਤੇ ਸਵਾਗਤ ਕਰਦਿਆਂ ਸੁਰਜੀਤ ਪਾਤਰ ਦੀ ਕਵਿਤਾ ਝੂਠਿਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਮੈਂ ਜਦੋਂ ਬਿਲਕੁੱਲ ਇਕੱਲਾ ਰਹਿ ਗਿਆ, ਸੁਤਿਗੁਰਾਂ ਨੂੰ ਯਾਦ ਕੀਤਾ ਤਾਂ ਮੈਂ ਸਵਾ ਲੱਖ ਹੋ ਗਿਆ ਦੇ ਹਵਾਲੇ ਨਾਲ ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਅੱਜ ਮਾਘੀ ਦੇ ਇਤਿਹਾਸਕ ਦਿਹਾੜੇ ਦੀ ਮਹੱਤਤਾ ਵੱਲ ਇਸ਼ਾਰਾ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦਿਨ ਚਾਲੀ ਮੁਕਤਿਆਂ ਅਤੇ ਗੁਰੂ ਪ੍ਰੇਮ ਦੀ ਮਿਸਾਲ ਹੈ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।ਉਘੇ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਸੁਰਜੀਤ ਪਾਤਰ ਯਾਦਗਾਰ ਭਾਸ਼ਣ ਦਿੰਦਿਆਂ ਕਿਹਾ ਕਿ ਸੁਰਜੀਤ ਪਾਤਰ ਨੋਬਲ ਪੁਰਸਕਾਰ ਜਿੱਤਣ ਦੀ ਕਾਬਲੀਅਤ ਰੱਖਦੇ ਸਨ।ਉਹ ਇਸ ਸਦੀ ਦੇ ਭਵਿੱਖ ਦੇ ਕਵੀ ਸਨ। ਪੰਜਾਬੀਆਂ ਵੱਲੋਂ ਉਨ੍ਹਾਂ ਨੂੰ ਦੁਨੀਆਂ ਅੱਗੇ ਪੇਸ਼ ਹੀ ਨਹੀਂ ਕੀਤਾ ਜਾ ਸਕਿਆ।
ਤਿੰਨ ਕਵੀਆਂ ਸਵਰਨਜੀਤ ਸਵੀ (ਚੇਅਰਮੈਨ ਕਲਾ ਪਰਿਸ਼ਦ), ਜਸਵੰਤ ਜ਼ਫ਼ਰ (ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ) ਅਤੇ ਡਾ. ਮਨਮੋਹਨ (ਨਾਮਵਰ ਕਵੀ) ਨੇ ਜਿਥੇ ਸੁਰਜੀਤ ਪਾਤਰ ਨੂੰ ਆਪਣੇ ਭਾਵਪੂਰਤ ਸ਼ਬਦਾਂ `ਚ ਸ਼ਰਧਾਂਜਲੀ ਪ੍ਰਗਟ ਕੀਤੀ ਉਥੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।