ਪਠਾਨਕੋਟ, 8 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿਦਿਆਰਥੀਆਂ ਨੂੰ ਗੁਣਵੱਤਾ-ਭਰਪੂਰ ਸਿੱਖਿਆ ਪ੍ਰਦਾਨ ਕਰਨ, ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਸਮੇਂ-ਸਮੇਂ ’ਤੇ ਮਾਪਿਆਂ ਨੂੰ ਜਾਣਕਾਰੀ ਦੇਣ ਅਤੇ ਵਿਦਿਆਰਥੀਆਂ ਤੇ ਮਾਪਿਆਂ ਤੋਂ ਫ਼ੀਡਬੈਕ ਲੈ ਕੇ ਸਿੱਖਿਆ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੈਗਾ ਪੀ.ਟੀ.ਐਮ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਅੰਦਰ ਮੈਗਾ ਪੀ.ਟੀ.ਐਮ (ਮਾਪੇ-ਅਧਿਆਪਕ ਮਿਲਣੀਆਂ) ਕਰਵਾਈਆਂ ਗਈਆਂ।ਇਸ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਿਲ੍ਹਾ ਪਠਾਨਕੋਟ ਦੇ ਦੋ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀ ਦੋਰਾਨ ਸਿਰਕਤ ਕਰਦਿਆਂ ਕੀਤਾ।ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਪਠਾਨਕੋਟ (ਸੈਕੰਡਰੀ), ਨਰੇਸ਼ ਕੁਮਾਰ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਪਵਨ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।ਕੈਬਨਿਟ ਮੰਤਰੀ ਕਟਾਰੂਚੱਕ ਨੇ ਸਰਕਾਰੀ ਹਾਈ ਸਕੂਲ ਸਰਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿਖੇ ਮੈਗਾ ਪੀ.ਟੀ.ਐਮ ਦੌਰਾਨ ਸ਼ਿਰਕਤ ਕੀਤੀ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਵਿਦਿਆਰਥੀਆਂ ਤੇ ਮਾਪਿਆਂ ਤੋ ਫ਼ੀਡਬੈਕ ਲਈ ਅਤੇ ਸਕੂਲ ਮੁਖੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ।
ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਮੈਗਾ ਪੀ.ਟੀ.ਐਮ ਦੌਰਾਨ ਮਾਪਿਆਂ ਨੇ ਸਰਕਾਰੀ ਸਕੂਲਾਂ ਅੰਦਰ ਦਿੱਤੀ ਜਾ ਰਹੀ ਸਿੱਖਿਆ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਤੇ ਇਤਿਹਾਸਕ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦੀ ਮਾਪਿਆਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਉਸਾਰੂ ਫ਼ੈਸਲਿਆਂ ਸਦਕਾ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਫ਼ਰਕ ਪੈ ਰਿਹਾ ਹੈ।ਹੁਣ ਲੋਕ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਵੱਧ ਤਰਜ਼ੀਹ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਸਿੱਖਿਆ ਨੂੰ ਤਰਜ਼ੀਹੀ ਖੇਤਰ ਵਿੱਚ ਰੱਖਣ ਅਤੇ ਬੱਚਿਆਂ ਦੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਵਿੱਚ ਦਾਖ਼ਲਾ ਲੈਣ ਨਾਲ ਅਧਿਆਪਕਾਂ ਨੂੰ ਵੀ ਹੌਸਲਾ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਰਨਾ ਵਿਖੇ ਮਾਪਿਆਂ ਨੇ ਖੇਡ ਮੈਦਾਨ ਵਿੱਚ ਭਰਤੀ ਪਾਉਣ ਦੀ ਮੰਗ ’ਤੇ ਉਨ੍ਹਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਦਿਸਾ ਨਿਰਦੇਸ਼ ਦਿੱਤੇ ਕਿ ਸਬੰਧਤ ਵਿਭਾਗ ਨੂੰ ਕਹਿ ਕੇ ਸਕੂਲ ਮੈਦਾਨ ਵਿੱਚ ਮਿੱਟੀ ਪਾ ਕੇ ਇਸ ਨੂੰ ਤੁਰੰਤ ਉਚਾ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਪਠਾਨਕੋਟ ਜ਼ਿਲ੍ਹੇ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2.63 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
Check Also
ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …