ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪਲੇ-ਪੈਨ, ਨਰਸਰੀ ਅਤੇ ਐਲ.ਕੇ.ਜੀ ਦੇ ਸਲਾਨਾ ਸਮਾਗਮ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਅਨੋਖੇ ਰੰਗ ਵਿਖਾਏ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਡਿਪਟੀ ਚੀਫ਼ ਇੰਜੀਨੀਅਰ, ਬਿਆਸ ਡੈਮ ਅਤੇ ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ ਦੇ ਚੇਅਰਮੈਨ ਅਜੇ ਭਾਰਦਵਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦਾ ਸ਼ੁਭਅਰੰਭ ਪਵਿੱਤਰ ਜੋਤ ਜਗਾ ਕੇ ਕੀਤਾ ਗਿਆ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਕੀਤਾ।ਉਹਨਾਂ ਆਖਿਆ ਕਿ ਬੱਚੇ ਕੱਚੀ ਮਿੱਟੀ ਵਾਂਗ ਹੁੰਦੇ ਹਨ।ਉਨ੍ਹਾਂ ਨੂੰ ਅਸੀਂ ਜੋ ਵੀ ਰੂਪ ਦੇਣਾ ਚਾਹੀਏ, ਦੇ ਸਕਦੇ ਹਾਂ।ਸਾਡੀ ਸਭ ਦੀ ਇਹੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਨਾਂ ਨੂੰ ਬਚਪਨ ਵਿੱਚ ਹੀ ਚੰਗੀਆਂ ਆਦਤਾਂ ਸਿਖਾਈਏ।ਉਹ ਖੇਡ-ਖੇਡ ਵਿੱਚ ਹੀ ਬਿਨਾਂ ਕਿਸੇ ਚਿੰਤਾ ਦੇ ਸਿੱਖਣ ਅਤੇ ਬਚਪਨ ਦਾ ਭਰਪੂਰ ਆਨੰਦ ਮਾਣਨ।ਸੀ.ਬੀ.ਐਸ.ਈ. ਦਾ ਵੀ ਇਹੋ ਹੀ ਉਦੇਸ਼ ਹੈ ਕਿ ਹਰੇਕ ਬੱਚਾ ਆਪਣੀ ਭਾਸ਼ਾ ਵਿੱਚ ਅਤੇ ਆਪਣੇ ਅਨੁਭਵਾਂ ਤੋਂ ਹੀ ਗਿਆਨ ਪ੍ਰਾਪਤ ਕਰੇ।ਉਨ੍ਹਾਂ ਨੇ ਸਕੂਲ ਦੀਆਂ ਅਕਾਦਮਿਕ, ਸੰਸਕ੍ਰਿਤਕ ਅਤੇ ਖੇਡਾਂ ਦੇ ਖੇਤਰ ਵਿੱਚ ਹੋਈਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ।
ਮੁੱਖ ਮਹਿਮਾਨ ਅਜੇ ਭਾਰਦਵਾਜ ਨੇ ਕਿਹਾ ਕਿ ਨੰਨ੍ਹੇ ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ ਅਤੇ ਜੋ ਗੱਲਾਂ ਉਹ ਆਪਣੇ ਆਲੇ-ਦੁਆਲੇ, ਸਕੂਲ ਵਿੱਚ ਅਧਿਆਪਕਾਂ ਤੋਂ ਅਤੇ ਪਰਿਵਾਰ ਤੋਂ ਸਿੱਖਦੇ ਹਨ।ਮਾਪਿਆਂ ਦਾ ਵੀ ਇਹ ਫਰਜ਼ ਹੈ ਕਿ ਉਹ ਘਰ ਵਿੱਚ ਐਸਾ ਮਹੌਲ ਬਣਾਉਣ ਕਿ ਬੱਚੇ ਚੰਗੀਆਂ ਆਦਤਾਂ ਸਿੱਖਣ।ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਵਿੱਚ ਪਲੇ-ਪੈਨ, ਨਰਸਰੀ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਬਹੁਤ ਹੀ ਨਾਟਕੀ ਅਤੇ ਕਲਾਤਮਕ ਢੰਗ ਨਾਲ ਦਰਸਾਇਆ ਕਿ ਉਹ ਕਿਸ ਤਰ੍ਹਾਂ ਖੇਡ-ਖੇਡ ਵਿੱਚ ਹੀ ਵੱਖ-ਵੱਖ ਰੰਗਾਂ, ਆਕਾਰਾਂ ਅਤੇ ਅੱਖਰਾਂ ਦਾ ਗਿਆਨ ਪ੍ਰਾਪਤ ਕਰਦੇ ਹਨ।ਨੰਨ੍ਹੀਆਂ ਵਿਦਿਆਰਥਣਾਂ ਦੁਆਰਾ ਪੰਜਾਬੀ ਲੋਕ-ਨਾਚ `ਗਿੱਧਾ` ਪੇਸ਼ ਕੀਤਾ ਗਿਆ ਅਤੇ ਡੀ.ਏ.ਵੀ ਸੰਸਥਾਵਾਂ ਦੀ ਮਹੱਤਤਾ ਪ੍ਰਗਟਾਉਂਦਾ ਡੀ.ਏ.ਵੀ ਗਾਨ ਵੀ ਗਾਇਆ।
ਬੱਚਿਆਂ ਦੀ ਸੁੰਦਰ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ।ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ।