ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ‘ਰਾਗ ਬਸੰਤ-ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੀ ਰੂਹਾਨੀ ਗੂੰਜ਼’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਵਰਕਸ਼ਾਪ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਇੰਚਾਰਜ਼ ਡਾ. ਅਲੰਕਾਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਪ੍ਰਧਾਨਗੀ ਭਾਸ਼ਣ ’ਚ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਸੰਗੀਤ ਵਿਸ਼ੇ ਨਾਲ ਜੁੜੇ ਵਿਦਿਆਰਥੀ ਵਧੇਰੇ ਸੰਵੇਦਨਸ਼ੀਲ ਅਤੇ ਸਹਿਜ਼ਤਾ ਨਾਲ ਲਬਰੇਜ਼ ਹੁੰਦੇ ਹਨ।ਡਾ. ਅਲੰਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ’ਚ ਬਸੰਤ ਰਾਗ ਅਤੇ ਬਸੰਤ ਰਾਗ ਦੇ ਪ੍ਰਕਾਰਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਬਸੰਤ ਰੁੱਤ ’ਚ ਰਾਗ ਬਸੰਤ ਗਾਇਨ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਇਸ ਦੇ ਸਭਿਆਚਾਰਕ ਮਹੱਤਵ ਨੂੰ ਵੀ ਉਜ਼ਾਗਰ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਭਾਰਤੀ ਸ਼ਾਸਤਰੀ ਅਤੇ ਗੁਰਮਤਿ ਸੰਗੀਤ ਦੀਆਂ ਅਮੀਰ ਪ੍ਰੰਪਰਾਵਾਂ ਨਾਲ ਜੁੜਨ ਦਾ ਮੌਕਾ ਮਿਲਿਆ।
ਪ੍ਰਿੰ: ਡਾ. ਕਾਹਲੋਂ ਨੇ ਸੰਗੀਤ ਵਿਭਾਗ ਤੋਂ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਡਾ. ਅਲੰਕਾਰ ਸਿੰਘ ਨੂੰ ਪੌਦੇ ਭੇਂਟ ਕਰਕੇ ‘ਜੀ ਆਇਆ’ ਕਿਹਾ।ਡਾ. ਰੰਧਾਵਾ ਨੇ ਸੰਗੀਤ ਨੂੰ ਰੂਹਾਨੀਅਤ ਨਾਲ ਜੋੜਦਿਆਂ ਪ੍ਰਮਾਤਮਾ ਨਾਲ ਮਿਲਾਪ ਦੇ ਸਾਧਨ ਵਜੋਂ ਤੇ ਸਮੁੱਚੇ ਵਿਸ਼ਵ ਨੂੰ ਜੋੜਨ ਵਾਲੀ ਭਾਸ਼ਾ ਆਖਿਆ।ਵਿਦਿਆਰਥੀਆਂ ਦੁਆਰਾ ਪ੍ਰਸ਼ਨ ਵੀ ਪੁੱਛੇ ਗਏ, ਜਿਨ੍ਹਾਂ ਦਾ ਡਾ. ਅਲੰਕਾਰ ਸਿੰਘ ਵੱਲੋਂ ਬਹੁਤ ਸਰਲਤਾ ਨਾਲ ਬਾਖੂਬੀ ਜਵਾਬ ਦਿੱਤਾ ਗਿਆ।ਮੰਚ ਸੰਚਾਲਨ ਡਾ. ਸ਼ਿਵਾਨੀ ਨਾਰਦ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋ: ਨਵਜੋਤ ਕੌਰ, ਡਾ. ਅਮਨ ਕੌਰ, ਡਾ. ਮਨਦੀਪ ਸਿੰਘ ਤੋਂ ਇਲਾਵਾ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …