ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖ ਧਰਮ, ਸਭਿਆਚਾਰ ਅਤੇ ਗੁਰਮਤਿ ਸਿੱਖਿਆ ਦੀ ਸੰਭਾਲ ਲਈ ਸ੍ਰੀ ਅਕਾਲ ਤਖ਼ਤ
ਸਾਹਿਬ ਪਾਸੋੋਂ ਸਿੱਖ ਐਜ਼ੂਕੇਸ਼ਨ ਬੋਰਡ ਬਣਾਉਣ ਪ੍ਰਤੀ ਪ੍ਰਵਾਨਗੀ ਲੈਣ ਉਪਰੰਤ ਇਸ ਸਬੰਧ ਵਿੱਚ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਅੱਜ ਦੀਵਾਨ ਮੁੱਖ ਦਫ਼ਤਰ ਵਿਖੇ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਲਈ ਲੋੜੀਂਦੇ ਸਾਧਨਾਂ, ਜ਼ਰੂਰਤਾਂ, ਉਦੇਸ਼ਾਂ, ਟੀਚਿਆਂ, ਪ੍ਰਬੰਧਨ ਸਬੰਧੀ ਸਮੱਸਿਆਵਾਂ ਦੇ ਹੱਲ ਪ੍ਰਤੀ ਵਿਸਥਾਰਪੂਰਵਕ ਵਿਚਾਰ ਵਟਾਦਰਾਂ ਕਰਨ ਹਿੱਤ ਪਲੇਠੀ ਇਕੱਤਰਤਾ ਕੀਤੀ ਗਈ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਕੌਮ ਦੇ ਚੰਗੇ ਭਵਿੱਖ ਲਈ ਸਿੱਖ ਐਜੂਕੇਸ਼ਨ ਬੋਰਡ ਸਥਾਪਿਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ੍ਹ ਹੈ ਤਾਂ ਜੋ ਦੁਨਿਆਵੀ ਵਿਦਿਆ ਹਾਸਲ ਕਰਕੇ ਭਵਿੱਖ ਦੇ ਸੁਨਹਿਰੀ ਉੱਚ ਮੁਕਾਮ ਪ੍ਰਾਪਤ ਕਰ ਰਹੇ ਸਿੱਖ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜਾਣੂ ਕਰਵਾਉਂਦਿਆਂ ਸਿੱਖ ਮਰਿਆਦਾ, ਸਿੱਖ ਸਿਧਾਤਾਂ ਅਤੇ ਸਿੱਖ ਇਤਿਹਾਸ ਨਾਲ ਵੀ ਜੋੜਿਆ ਜਾ ਸਕੇ।ਮੀਟਿੰਗ ਦੌਰਾਨ ਸਿੱਖ ਐਜੂਕੇਸ਼ਨ ਬੋਰਡ ਨੂੰ ਮਿਆਰੀ ਬਣਾਉਣ ਲਈ ਨਵੇਂ ਕੋਰਸ ਸ਼ਾਮਿਲ ਕਰਨ, ਅਧਿਕਾਰਤ ਨੀਤੀ-ਨਿਯਮ ਤਿਆਰ ਕਰਨ, ਇਸ ਦੀ ਐਫਿਲੀਏਸ਼ਨ, ਬਜ਼ਟ ਅਤੇ ਹੋਰ ਲੋੜੀਂਦੀ ਜ਼ਰੂਰਤਾਂ ਬਾਬਤ ਲਿਖਤੀ ਖਰੜਾ ਤਿਆਰ ਕਰਨ ਦਾ ਫੈਸਲਾ ਲਿਆ ਗਿਆ।ਜਿਸ ਲਈ ਵਿਸ਼ਵ ਪੱਧਰੀ ਵਿੱਦਿਅਕ ਮਾਹਿਰਾਂ, ਵਿਦਵਾਨਾਂ, ਸਿੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀਆਂ ਸੇਵਾਵਾਂ-ਸਹਿਯੋਗ ਲੈਣ ਦਾ ਨਿਰਣਾ ਲਿਆ ਗਿਆ।ਕਮੇਟੀ ਦੇ ਕੋਆਰਡੀਨੇਟਰ ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਐਡੀ. ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਦਾ ਮਨੋਰਥ ਨਸ਼ਾ, ਨੈਤਿਕ ਗਿਰਾਵਟ, ਪੱਛਮੀ ਜੀਵਨ ਸ਼ੈਲੀ ਦੀ ਮਾਰ ਹੇਠ ਆਈ ਨਵੀਂ ਪੀੜ੍ਹੀ ਨੂੰ ਆਧੁਨਿਕ ਤਕਨੀਕੀ ਸਿੱਖਿਆ ਦੇਣ ਦੇ ਨਾਲ-ਨਾਲ ਨੈਤਿਕ ਪੱਖੋਂ ਵੀ ਮਜ਼ਬੂਤ ਬਣਾਉਣਾ ਹੈ।
ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਅਮਰਜੀਤ ਸਿੰਘ ਦੂਆ, ਪ੍ਰੋ. ਵਰਿਆਮ ਸਿੰਘ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਸੂਬਾ ਸਿੰਘ, ਗੁਰਜੋਤ ਸਿੰਘ ਚੰਡੀਗੜ੍ਹ, ਡਾਇਰੈਕਟਰ ਓਪਰਸ਼ਨ ਡਾ. ਏ.ਪੀ ਐਸ ਚਾਵਲਾ ਅਤੇ ਪ੍ਰਿੰਸੀਪਲ ਯਸ਼ਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media