Friday, June 13, 2025

ਕੈਬਨਿਟ ਮੰਤਰੀ ਈ.ਟੀ.ਓ ਨੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ 337 ਡਿਗਰੀਆਂ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ 66ਵੀਂ ਸਲਾਨਾ ਕਨਵੋਕੇਸ਼ਨ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਦੇ ਬਿਜਲੀ ਅਤੇ ਊਰਜਾ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੁੱਖ ਮਹਿਮਾਨ ਵਜੋਂ ਅਤੇ ਡਾ. ਪੂਜਾ ਵਿਆਸ ਡਾਇਰੈਕਟਰ (ਏ ਐਂਡ ਐਫ਼) ਇੰਡੀਅਨ ਕੌਂਸਲ ਆਫ ਫਿਲੋਸਫੀਕਲ ਰਿਸਰਚ ਨਵੀਂ ਦਿੱਲੀ ਸ਼ਾਮਿਲ ਹੋਏ।
ਕਾਨਵੋਕੇਸ਼ਨ ਦੀ ਸ਼ੁਰੂਆਤ ਰਵਾਇਤੀ ਅਕਾਦਮਿਕ ਪ੍ਰੋਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਰਸਮੀ ਜੋਤ ਜਗਾਈ ਗਈ ਅਤੇ ਡੀ.ਏ.ਵੀ ਗੀਤ ਦਾ ਗਾਇਨ ਕੀਤਾ ਗਿਆ।ਕਾਲਜ ਦੇ ਪ੍ਰਿੰ. ਡਾ. ਅਮਰਦੀਪ ਗੁਪਤਾ ਨੇ ਸਵਾਗਤੀ ਭਾਸ਼ਣ ਦੇਣ ਦੇ ਨਾਲ-ਨਾਲ ਸੰਸਥਾ ਦੀ ਅਕਾਦਮਿਕ ਉਚਤਾ, ਸੰਪੂਰਨ ਵਿਕਾਸ, ਮੁੱਲ ਪ੍ਰਧਾਨ ਸਿੱਖਿਆ ਪ੍ਰਣਾਲੀ ਪ੍ਰਤੀ ਇੱਕ ਅਟੁੱਟ ਵਚਨਬਧਤਾ ਦੀ ਅਮੀਰ ਵਿਰਾਸਤ ਨੂੰ ਉਜ਼ਾਗਰ ਕੀਤਾ।ਉਹਨਾਂ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨਾਂ ਨੇ ਪਾਸ ਆਊਟ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨਣ ਅਤੇ ਆਪਣੇ ਸਾਰੇ ਕੰਮਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਨ ਅਤੇ ਸਦਾ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।
ਮੁੱਖ ਮਹਿਮਾਨ ਹਰਭਜਨ ਸਿੰਘ ਈ.ਟੀ.ਓ ਵਲੋਂ ਇੱਕ ਪ੍ਰੇਰਨਾਦਾਇਕ ਭਾਸ਼ਣ ਨਾਲ ਸਮੂਹ ਵਿਦਿਆਰਥੀਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਗਿਆ।ਉਹਨਾਂ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਚੁਣੌਤੀਆਂ ਅਪਣਾਉਣ, ਨੈਤਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ, ਦੇ ਨਾਲ-ਨਾਲ ਸਮਾਜ ਵਿੱਚ ਇੱਕ ਚੰਗਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਆਪਣੇ ਇਸ ਭਾਸ਼ਣ ਵਿੱਚ ਉਹਨਾਂ ਨੇ ਅੱਜ ਦੇ ਗਤੀਸ਼ੀਲ ਸੰਸਾਰ ਵਿੱਚ ਨਵੀਨਤਾ, ਲਚਕੀਲਾਪਨ ਤੇ ਜੀਵਨ ਭਰ ਸਿੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਉਨਾਂ ਨੇ ਕਿਹਾ ਕਿ ਅੱਜ ਉਹ ਜਿਸ ਵੀ ਪੁਜੀਸ਼ਨ ‘ਤੇ ਹਨ, ਉਸ ਪਿੱਛੇ ਉਨਾਂ ਦੇ ਸਕੂਲ, ਡੀ.ਏ.ਵੀ ਕਾਲਜ ਤੇ ਉਨਾਂ ਦੇ ਅਧਿਆਪਕਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ।
ਸ਼੍ਰੀਮਤੀ ਪੂਜਾ ਵਿਆਸ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਾਲਜ ਵਲੋਂ ਵੱਖ-ਵੱਖ ਵਿਸ਼ਿਆਂ ਦੇ ਲਗਭਗ 337 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਅਤੇ ਸਟਾਫ ਕੌਂਸਲ ਦੇ ਸਕੱਤਰ ਡਾਕਟਰ ਨੀਰਜ਼ ਗੁਪਤਾ ਦੁਆਰਾ ਧੰਨਵਾਦ ਦੇ ਮਤੇ ਨਾਲ ਹੋਈ।ਸਮਾਗਮ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਕਾਲਜ ਦੇ ਸਮੂਹ ਸਟਾਫ ਮੈਂਬਰ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਹਾਜ਼ਰ ਸੀ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …