ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ 2023-24 ਬੈਚ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ 54ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ।ਪ੍ਰੋ. (ਡਾ.) ਕਰਮਜੀਤ ਸਿੰਘ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ।ਪ੍ਰੋਗਰਾਮ ਦਾ ਆਗ਼ਾਜ ਡੀ.ਏ.ਵੀ ਗਾਨ ਅਤੇ ਵੇਦ-ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੰਚ ’ਤੇ ਬਿਰਾਜਮਾਨ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ।ਉਹਨਾਂ ਨੇ ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਉਪਲੱਬਧੀਆਂ `ਤੇ ਚਾਨਣਾ ਪਾਇਆ।
ਪ੍ਰੋ. (ਡਾ.) ਕਰਮਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਮਹਿਲਾ ਸਸ਼ਕਤੀਕਰਨ ਪ੍ਰਤੀ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸ਼ਾਨਦਾਰ ਯੋਗਦਾਨ ਨੂੰ ਸਵੀਕਾਰ ਕੀਤਾ।ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੀਂ ਅਸਫਲਤਾ ’ਚ ਛੁਪੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਹਰ ਅਸਫਲਤਾ ਵਿੱਚ ਵਿਕਾਸ, ਲਚਕੀਲਾਪਣ ਅਤੇ ਸਵੈ-ਖੋਜ ਦਾ ਬੀਜ਼ ਹੁੰਦਾ ਹੈ।
ਜਤਿੰਦਰ ਸਿੰਘ ਮੋਤੀ ਭਾਟੀਆ ਨੇ ਆਪਣੇ ਸੰਦੇਸ਼ ’ਚ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਦੇਸ਼ ਦੇ ਕਾਰਜ਼ ਖੇਤਰ ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਉਨ੍ਹਾਂ ਨੌਜਵਾਨ ਗ੍ਰੈਜੂਏਟਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਅਤੇ ਦੁਨੀਆਂ ਨੂੰ ਸਸ਼ਕਤੀਕਰਨ ਅਤੇ ਸੰਵੇਦਨਸ਼ੀਲਤਾ ਦਾ ਅਹਿਸਾਸ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਕਲਾ, ਵਣਜ, ਵਿਗਿਆਨ, ਪੱਤਰਕਾਰੀ, ਅਰਥ ਸ਼ਾਸਤਰ, ਕੰਪਿਊਟਰ ਵਿਗਿਆਨ, ਮਲਟੀਮੀਡੀਆ ਅਤੇ ਫੈਸ਼ਨ ਡਿਜ਼ਾਈਨ ਦੇ ਵੱਖ-ਵੱਖ ਵਿਸ਼ਿਆਂ ਦੇ 500 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਸ਼ਹਿਰ ਦੇ ਵੱਖ-ਵੱਖ ਮੀਡੀਆ ਸੰਗਠਨਾਂ ਦੇ ਮੀਡੀਆ ਕਰਮਚਾਰੀਆਂ ਨੂੰ ਵੀ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸਮਾਰੋਹ ਨੂੰ ਸੰਸਕ੍ਰਿਤਕ ਰੰਗ ਦੇਣ ਲਈ ਯੁਵਾ ਭਲਾਈ ਵਿਭਾਗ ਨੇ ਫੋਕ ਆਰਕੈਸਟਰਾ ਅਤੇ ਲੋਕ ਗੀਤ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।ਸਮਾਗਮ ਦੌਰਾਨ ਕਾਲਜ ਨਿਊਜ਼ ਬੁਲੇਟਿਨ ਵੀ ਜਾਰੀ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਚੇਅਰਮੈਨ ਸੁਦਰਸ਼ਨ ਕਪੂਰ ਦੁਆਰਾ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਡਾ. ਅਨੀਤਾ ਨਰਿੰਦਰ ਮੁਖੀ ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਇਸ ਮੌਕੇ ਆਰਿਆ ਸਮਾਜ ਦੇ ਮੈਂਬਰ ਕਰਨਲ ਵੇਦ ਮਿੱਤਰ, ਇੰਦਰਜੀਤ ਠੁਕਰਾਲ, ਵਿਮਲ ਕਪੂਰ, ਅਸ਼ਵਨੀ ਕਪੂਰ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜ਼ੂਦ ਸਨ।ਸਮਾਰੋਹ ਰਾਸ਼ਟਰੀ ਗਾਨ ਨਾਲ ਸੰਪਨ ਹੋਇਆ।
Check Also
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …