ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਲੋਂ ਆਉਣ ਵਾਲੀਆਂ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੀ ਸਫ਼ਲਤਾ ਸਬੰਧੀ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਈ।
ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਕਾਲਜ ਵਿਦਿਆਰਥੀਆਂ ਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਗੁਰ ਜੱਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।ਕੱਥੂਨੰਗਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਦੁਨਿਆਵੀਂ ਸਿੱਖਿਆਵਾਂ ਤੋਂ ਇਲਾਵਾ ਧਾਰਮਿਕ, ਸੱਭਿਆਚਾਰਕ ਤੌਰ ’ਤੇ ਚੰਗੇ ਇਨਸਾਨ ਬਣ ਕੇ ਦੇਸ਼, ਕੌਮ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਕੱਥੂਨੰਗਲ ਨੇ ਜਿੱਥੇ ਵਿੱਦਿਅਕ ਅਦਾਰੇ ’ਚ ਪ੍ਰੰਪਰਾ ਸਬੰਧੀ ਸੰਬੋਧਨ ਕੀਤਾ, ਉਥੇ ਉਨ੍ਹਾਂ ਲੜਕੀ ਦਾ ਅਸਲੀ ਧਨ ਉਸ ਦੀ ਵਿੱਦਿਆ ਦੱਸੀ।ਉਨ੍ਹਾਂ ਵਿਦਿਆਰਥਣਾਂ ਨੂੰ ਪੜ੍ਹਾਈ ਸਬੰਧੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੰਬਰਾਂ ਨਾਲ ਪਾਸ ਹੋਣ ਦਾ ਸਮਾਂ ਹੋਣ ਖ਼ਤਮ ਹੋ ਗਿਆ ਹੈ, ਹੁਣ ਤਾਂ ਸਿਰਫ਼ ਪ੍ਰਸੈਂਟ ਦਾ ਦੌਰ ਹੈ ਅਤੇ ਪੜ੍ਹਾਈ ਹੀ ਇਕ ਅਜਿਹੇ ਸਾਧਨ ਹੈ, ਜਿਸ ਨਾਲ ਬੱਚਾ ਆਪਣੇ ਜ਼ਿੰਦਗੀ ਦੇ ਉਚ ਮੁਕਾਮ ਨੂੰ ਹਾਸਲ ਕਰਦਾ ਹੈ।ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਅਤੇ ਕੌਮ ਦਾ ਭਵਿੱਖ ਹਨ।ਇਸ ਲਈ ਉਨ੍ਹਾਂ ਪੜ੍ਹ ਲਿਖ ਕੇ ਆਤਮ-ਨਿਰਭਰ ਹੋਣਾ ਚਾਹੀਦਾ ਹੈ।
ਕੱਥੂਨੰਗਲ ਨੇ ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਪਰਮਜੀਤ ਸਿੰਘ ਬੱਲ ਦੇ ਨਾਲ ਮਿਲ ਕੇ ਹੋਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ।ਇਸ ਦੇ ਨਾਲ ਹੀ ਧਾਰਮਿਕ ਸਿੱਖਿਆ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਚੈਕ ਭੇਂਟ ਕੀਤੇ।ਕੱਥੂਨੰਗਲ ਨੇ ਡਾ: ਸੁਰਿੰਦਰ ਕੌਰ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਡਾ: ਸੁਰਿੰਦਰ ਕੌਰ ਨੇ ਕਾਲਜ ਦੀਆਂ ਉਪਲੱਬਧੀਆਂ ਬਾਰੇ ਦੱਸਦਿਆਂ ਕਿਹਾ ਕਿ ਸੰਸਥਾ ਦਾ ਮਕਸਦ ਔਰਤ ਨੂੰ ਸਿੱਖਿਅਤ ਕਰਕੇ ਉਸ ਅੰਦਰ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਜਿਹੇ ਗੁਣ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਆਪਣੇ ਮੁੱਢਲੇ ਫ਼ਰਜ਼ਾਂ ਨੂੰ ਪਛਾਣਨ ਅਤੇ ਦੇਸ਼ ਦੀ ਤਰੱਕੀ ਲਈ ਉਹ ਮੋਹਰੀ ਬਣਨ ਅਤੇ ਮਨ ਨੂੰ ਸੱਚੀ-ਸੁੱਚੀ ਸੋਚ ਨੂੰ ਪਛਾਉਣ ਦੀ ਅਪੀਲ ਕੀਤੀ।ਕੌਂਸਲ ਦੇ ਜੁਆਇੰਟ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਸਰਬਜੀਤ ਸਿੰਘ ਹੁਸ਼ਿਆਰ ਨਗਰ, ਪ੍ਰੋ: ਰਵਿੰਦਰ ਕੌਰ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …