ਗੁਰੂ ਨਾਨਕ ਚੇਅਰ ਸਥਾਪਿਤ ਕਰਨ ਲਈ ਹੋਈ ਸਹਿਮਤੀ, ਖੋਜ਼ ਕਾਰਜ਼ਾਂ ਲਈ 10 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਵਿਸ਼ੇਸ਼ ਅਗਵਾਈ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਖੇਤਰ ਵਿੱਚ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਅਮਰੀਕਾ ਦੇ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਨਾਲ ਇੱਕ ਇਤਿਹਾਸਕ ਸਮਝੌਤਾ ਕੀਤਾ ਹੈ।ਇਸ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ “ਗੁਰੂ ਨਾਨਕ ਚੇਅਰ” ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਪੰਜ ਸਾਲਾਂ ਲਈ ਪੂਰੀ ਫੰਡਿੰਗ ਜਸਪੀ੍ਰਤ ਸਿੰਘ ਕਰਨਗੇ।ਇਸ ਚੇਅਰ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀਆਂ ਸਰਬ ਵਿਆਪਕ ਸਿੱਖਿਆਵਾਂ-ਸਮਾਨਤਾ, ਦਇਆ, ਸੇਵਾ ਅਤੇ ਮਨੁੱਖਤਾ ਦੀ ਏਕਤਾ ਦਾ ਡੂੰਘਾਈ ਨਾਲ ਅਧਿਐਨ ਅਤੇ ਆਧੁਨਿਕ ਜੀਵਨ ਵਿੱਚ ਇਸੇ ਦੇ ਵੱਖ-ਵੱਖ ਪਾਸਾਰਾਂ ਨੂੰ ਤਲਾਸ਼ ਕਰਨਾ ਹੋਵੇਗਾ।
ਇਹ ਸਮਝੌਤਾ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਜਸਪ੍ਰੀਤ ਸਿੰਘ ਦੇ ਦਫਤਰ ਵਿੱਚ ਉਨ੍ਹਾਂ ਦੀ ਟੀਮ ਅਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਦਾ ਇਹ ਅਹਿਮ ਯੋਗਦਾਨ ਕੇਵਲ ਵਿੱਤੀ ਸਹਾਇਤਾ ਨਹੀਂ ਹੈ, ਸਗੋਂ ਕੁੱਲ ਲੋਕਾਈ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਵਿਰਾਸਤ ਦੀ ਬੌਧਿਕ ਪੱਧਰ ‘ਤੇ ਸੇਵਾ ਹੈ।ਇਹ ਸਾਡੇ ਲਈ ਖੋਜ ਅਤੇ ਸਿੱਖਿਆ ਦੇ ਨਵੇਂ ਰਾਹ ਖੋਲ੍ਹੇਗਾ।ਇਹ ਸਮਝੌਤਾ ਧਾਰਮਿਕ, ਇਤਿਹਾਸਕ ਅਤੇ ਦਾਰਸ਼ਨਿਕ ਅਧਿਐਨ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਸਾਖ ਨੂੰ ਹੋਰ ਮਜ਼ਬੂਤ ਕਰੇਗਾ।ਇਸ ਤਹਿਤ 3 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਫੰਡਿਡ ਇਸ ਚੇਅਰ ਅਧੀਨ ਇੱਕ ਚੇਅਰ ਪ੍ਰੋਫੈਸਰ, ਖੋਜ਼ ਸਹਾਇਕ ਅਤੇ ਹੋਰ ਅਕਾਦਮਿਕ ਸਰੋਤਾਂ ਦੀ ਨਿਯੁੱਕਤੀ ਕੀਤੀ ਜਾਵੇਗੀ।ਜਸਪ੍ਰੀਤ ਸਿੰਘ ਨੇ ਸਿੱਖ ਅਧਿਐਨ ਅਤੇ ਸਮਾਜਿਕ ਉੱਨਤੀ ਨਾਲ ਜੁੜੇ ਖੋਜ਼ ਕਾਰਜ਼ਾਂ ਲਈ 10 ਵਿਦਿਆਰਥੀਆਂ ਨੂੰ ਹਰ ਮਹੀਨੇ 8000/- ਰੁਪਏ ਦੀ ਖੋਜ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਨੌਜਵਾਨ ਖੋਜਾਰਥੀ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਅਰਥਪੂਰਨ ਕੰਮ ਕਰ ਸਕਣ।
ਜਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਇੱਕ ਸਫਲ ਇਮੀਗ੍ਰੇਸ਼ਨ ਅਟਾਰਨੀ ਹਨ, ਜਿਨ੍ਹਾਂ ਦੇ ਅਮਰੀਕਾ ਭਰ ਵਿੱਚ 20 ਦਫਤਰਾਂ ਦਾ ਨੈਟਵਰਕ ਹੈ।ਉਹ ਸਿੱਖ ਮੁੱਲਾਂ-ਸੇਵਾ ਅਤੇ ਸਿਮਰਨ-ਵਿੱਚ ਪੂਰੀ ਤਰ੍ਹਾਂ ਰਚੇ-ਵਸੇ ਹਨ।ਉਨ੍ਹਾਂ ਦੀ ਸਰਲਤਾ, ਦਇਆਪੂਰਨ ਕਾਨੂੰਨੀ ਸੇਵਾ ਅਤੇ ਪਿਛਲੇ ਦੋ ਦਹਾਕਿਆਂ ਤੋਂ ਪ੍ਰਵਾਸੀ ਪਰਿਵਾਰਾਂ ਦੀ ਮਦਦ ਨੇ ਉਨ੍ਹਾਂ ਨੂੰ ਇੱਕ ਮਿਸਾਲ ਬਣਾਇਆ ਹੈ।