ਅੰਮ੍ਰਿਤਸਰ, 4 ਜੂਨ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਕਿਛ ਸੁਣੀਐ ਕਿਛੁ ਕਹੀਐ ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਅਦਬੀ ਗੁਫ਼ਤਗੂ ਦੀ ਲੜੀ ਦੇ ਸਿਲਸਿਲੇ ਹੇਠ ਪੰਜਾਬੀ ਦੇ ਨਾਮਵਰ ਸਾਹਿਤਕਾਰ ਨਿਰਮਲ ਅਰਪਣ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਮਨੋਰਥ ਸਾਹਿਤਕਾਰਾਂ ਦੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿੱਚ ਅਦਬੀ ਸੰਵਾਦ ਰਚਾਉਣ ਤੋਂ ਹੈ ਤਾਂ ਜੋ ਮੇਲ-ਜੋਲ ਅਤੇ ਬੋਲ-ਚਾਲ ਦੀ ਅਦਬੀ ਵਿਰਾਸਤ ਨੂੰ ਅਗੇ ਤੋਰਿਆ ਜਾਵੇ।
ਨਿਰਮਲ ਅਰਪਣ ਹੁਰਾਂ ਮੌਜ਼ੂਦਾ ਹਾਲਾਤ ਬਿਆਨ ਕਰਦੀ ਆਪਣੀ ਨਜ਼ਮ ਕਿ “ਇਥੇ ਨਾ ਕੋਈ ਆਬਸ਼ਾਰ ਨਾ ਪਰਬਤ ਨਾ ਪਾਣੀ ਨਾ ਬਾਰੀ ਨਾ ਬੂਹੇ ਨਾ ਵਿੱਥਾਂ ਨਾ ਝੀਥਾਂ, ਨਾ ਸਿਰ ਹੱਥ ਪੈਰ ਨਾ ਤਲੀਆਂ ਤੇ ਲੀਕਾਂ” ਸਾਂਝੀ ਕਰਦਿਆਂ ਦੱਸਿਆ ਕਿ ਦਵਿੰਦਰ ਸਤਿਆਰਥੀ, ਵਿਨੋਬਾ ਭਾਵੇ ਸਮਾਜ ਸੇਵਕਾਂ ਦੀ ਸੰਗਤ ਅਤੇ ਮੋਹਰਲੀ ਕਤਾਰ ਦੇ ਲੇਖਕਾਂ ਦੇ ਸੰਗ ਸਾਥ ਨੇ ਉਹਨਾਂ ਅੰਦਰ ਸਾਹਿਤਕ ਚਿਣਗ ਪੈਦਾ ਕੀਤੀ।
ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਅਰਪਣ ਹੁਰਾਂ ਦਾ ਸ਼ੁਮਾਰ ਕਵਿਤਾ ਦੇ ਸਿਖ਼ਰਲੇ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ।ਡਾ. ਹੀਰਾ ਸਿੰਘ ਨੇ ਦੱਸਿਆ ਕਿ ਅਰਪਣ ਸਾਹਬ ਬਹੁ-ਪ੍ਰਤਿਭਾਵਾਦੀ ਲੇਖਕ ਹਨ।ਉਹਨਾਂ ਸੰਪਾਦਨ, ਕਵਿਤਾ, ਰੇਖਾ ਚਿੱਤਰ, ਕਥਾ ਨਾਵਲ, ਵਾਰਤਕ, ਅਤੇ ਇਤਿਹਾਸਕ ਨਾਵਲ ‘ਪੁੱਲ਼ ਕੰਜ਼ਰੀ’ ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਸਿੰਘ ਢਿੱਲੋਂ ਅਤੇ ਬਰਕਤ ਵੋਹਰਾ ਨੇ ਵੀ ਅਰਪਣ ਹੁਰਾਂ ਦੀ ਸ਼ਖਸ਼ੀਅਤ ਬਾਰੇ ਚਰਚਾ ਕੀਤੀ।
ਸੁਮੀਤ ਸਿਘ ਅਤੇ ਡਾ. ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਅਜਿਹੀ ਪਿਰਤ ਦੀ ਲਗਾਤਾਰਤਾ ਦੀ ਹਾਮੀ ਭਰੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …