ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਸਮਾਜ ਦੀਆਂ ਲੋੜਵੰਦ ਔਰਤਾਂ ਨੂੰ ਵਿਹਾਰਕ ਹੁਨਰਾਂ ਨਾਲ ਸਸ਼ਕਤ ਬਣਾਉਣ ਅਤੇ ਸਥਾਨਕ ਉਦਮਤਾ ਨੂੰ ਵਧਾਉਣ ਦੇ ਮਕਸਦ ਤਹਿਤ ਫੂਡ ਪ੍ਰੋਸੈਸਿੰਗ ’ਤੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਅਧੀਨ 4 ਦਿਨਾਂ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫੂਡ ਪ੍ਰੋਸੈਸਿੰਗ ਸਿਖਲਾਈ ਕੇਂਦਰ ਵਲੋਂ ਕਮਜ਼ੋਰ ਵਰਗ ਦੀਆਂ ਲੋੜਵੰਦ ਔਰਤਾਂ ਦੇ ਹੁਨਰ ਵਿਕਾਸ ਅਤੇ ਸਵੈ-ਨਿਰਭਰਤਾ ਨੁੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਕਤ ਪ੍ਰੋਗਰਾਮ ਕਰਵਾਇਆ ਗਿਆ।
ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਕਤ ਪ੍ਰੋਗਰਾਮ ਦੇ ਉਦਘਾਟਨ ਉਪਰੰਤ ਆਪਣੇ ਸੰਬੋਧਨ ’ਚ ਖਾਸ ਕਰਕੇ ਸਵੈ-ਨਿਰਭਰਤਾ ਦੀ ਮੰਗ ਕਰਨ ਵਾਲੀਆਂ ਔਰਤਾਂ ਲਈ ਅੱਜ ਦੀ ਆਰਥਿਕਤਾ ’ਚ ਹੁਨਰ ਵਾਧੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਭਾਰਤ ’ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ’ਚੋਂ ਇੱਕ ਹੈ ਅਤੇ ਇਸ ਖੇਤਰ ’ਚ ਔਰਤਾਂ ਨੂੰ ਸਿਖਲਾਈ ਦੇਣ ਨਾਲ ਘਰੇਲੂ ਆਮਦਨ ਅਤੇ ਸਥਾਨਕ ਉਦਮਤਾ ’ਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।ਉਨ੍ਹਾਂ ਨੇ ਸਿਖਲਾਈ ਕੇਂਦਰ ਵਲੋਂ ਆਯੋਜਿਤ ਉਕਤ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਲੋੜਵੰਦ ਔਰਤਾਂ ਨੂੰ ਸਮਾਜ ’ਚ ਸਵੈ-ਨਿਰਭਰ ਬਣਾਉਣ ਲਈ ਸਮੇਂ ਦੀ ਲੋੜ ਹਨ।ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਮਾਵੇਸ਼ੀ ਸਿੱਖਿਆ ਅਤੇ ਭਾਈਚਾਰਕ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ. ਅਜੈ ਸਹਿਗਲ ਨੇ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਅਧੀਨ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਜਾਣੂ ਕਰਵਾਇਆ।ਪ੍ਰੋਗਰਾਮ ਕੋਆਰਡੀਨੇਟਰ ਡਾ. ਗੁਰਸ਼ਰਨ ਕੌਰ ਨੇ ਪਤਵੰਤਿਆਂ ਅਤੇ ਵਰਕਸ਼ਾਪ ਦੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ 4 ਦਿਨਾਂ ਵਰਕਸ਼ਾਪ ਦੌਰਾਨ ਲੋੜਵੰਦ ਔਰਤਾਂ ਨੂੰ ਫਰੂਟ ਸਕੁਐਸ਼, ਮਿਕਸਡ ਫਰੂਟ ਜੈਮ, ਫਲਾਂ ਦੀ ਚਟਨੀ ਅਤੇ ਸ਼ਰਬਤ ਆਦਿ ਤਿਆਰ ਕਰਨ ਲਈ ਹੱਥੀਂ ਸਿਖਲਾਈ ਪ੍ਰਦਾਨ ਕੀਤੀ ਗਈ।
ਕੋ-ਕੋਆਰਡੀਨੇਟਰ ਡਾ. ਸੰਦੀਪ ਸਿੰਘ, ਡਾ. ਲਵਲੀਨ ਕੌਰ ਅਤੇ ਕੰਚਨ ਨੇ ਭਾਗੀਦਾਰਾਂ ਨੂੰ ਵੱਖ-ਵੱਖ ਭੋਜਨ ਉਤਪਾਦਾਂ ਦੀ ਸਿਖਲਾਈ ਪ੍ਰਦਾਨ ਕਰਨ ’ਚ ਯੋਗਦਾਨ ਪਾਇਆ।ਇਸ ਪ੍ਰੋਗਰਾਮ ’ਚ 65 ਤੋਂ ਵਧੇਰੇ ਔਰਤਾਂ ਨੇ ਨਾਮ ਦਰਜ਼ ਕਰਵਾਇਆ।ਇਸ ਮੌਕੇ ਡਾ. ਤਮਿੰਦਰ ਸਿੰਘ, ਡਾ. ਦਲਜੀਤ ਸਿੰਘ, ਪ੍ਰੋ. ਸਤਨਾਮ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …