ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਸੰਸਥਾ ਵਲੋਂ ਸੰਚਾਲਿਤ ਮਹੀਨਾਵਾਰ ਸਾਹਿਤਕ ਪ੍ਰੋਗਰਾਮ ‘ਸਿਰਜਣ ਪ੍ਰਕਿਰਿਆ’ ਦਾ 27ਵਾਂ ਸਮਾਗਮ ਅੱਜ ਸੰਸਥਾ ਦੇ ਸੈਮੀਨਾਰ ਹਾਲ ਵਿਖੇ ਸਫਲਤਾਪੂਰਵਕ ਆਯੋਜਿਤ ਹੋਇਆ।ਪੰਜਾਬੀ ਕਵਿਤਾ ਦੇ ਪ੍ਰਸਿੱਧ ਨਾਮ ਕਵੀ ਰਵਿੰਦਰ ਸਿੰਘ ਨੇ ਮੁੱਖ ਪ੍ਰਵਕਤਾ ਵਜੋਂ ਸ਼ਿਰਕਤ ਕੀਤੀ।ਇਹ ਪ੍ਰੋਗਰਾਮ ਖੋਜਾਰਥੀਆਂ, ਯੁਵਾ ਕਵੀਆਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰਮੁੱਖ ਸਾਹਿਤਕਾਰਾਂ ਤੇ ਚਿੰਤਕਾਂ ਨਾਲ ਜੋੜਨ ਦਾ ਵਿਲੱਖਣ ਮੰਚ ਹੈ।ਸਮਾਗਮ ਦੀ ਸ਼ੁਰੂਆਤ ਕਵੀ ਰਵਿੰਦਰ ਸਿੰਘ ਦੇ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਸਫ਼ਰ ਅਤੇ ਡਾਕਟਰੀ ਪੇਸ਼ੇ ਨਾਲ ਕਵਿਤਾ ਸਿਰਜਣ ਦੀ ਜੁਗਲਬੰਦੀ ’ਤੇ ਰੌਚਕ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਕਵਿਤਾ ਸਿਰਜਣਾ ਕਾਰਨ ਉਹ ਅਕਸਰ ਪੇਸ਼ੇਗਤ ਅਤੇ ਸਿਰਜਣਾਤਮਕ ਦੁਵਿਧਾ ਵਿੱਚ ਰਹਿੰਦੇ ਹਨ। ਉਨ੍ਹਾਂ ਵਿਚਾਰਧਾਰਕ ਬੰਧਨਾਂ ਤੋਂ ਮੁਕਤ ਕਵਿਤਾ ਸਿਰਜਣ ’ਤੇ ਜ਼ੋਰ ਦਿੱਤਾ ਅਤੇ ਪਾਠਕ ਦੀ ਸੱਤਾ ਦਾ ਸਨਮਾਨ ਕਰਨ ਦੀ ਗੱਲ ਕੀਤੀ।ਰਵਿੰਦਰ ਸਿੰਘ ਨੇ ਕਿਹਾ ਕਿ ਰਚਨਾਕਾਰ ਨੂੰ ਆਪਣੀ ਰਚਨਾ ਪ੍ਰਕਾਸ਼ਿਤ ਨਾ ਕਰਨ ਦਾ ਵੀ ਅਧਿਕਾਰ ਹੈ ਅਤੇ ਜੇ ਉਹ ਸੰਤੁਸ਼ਟ ਨਹੀਂ ਹੈ ਤਾਂ ਰਚਨਾ ਨੂੰ ਨਸ਼ਟ ਕਰ ਸਕਦਾ ਹੈ।ਕਵਿਤਾ ਸਿਰਜਣ ਦੀ ਪ੍ਰਕਿਰਿਆ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪ੍ਰੇਰਣਾ ਜਾਂ ਇਲਹਾਮ ਮਹੱਤਵਪੂਰਨ ਹੁੰਦਾ ਹੈ, ਪਰ ਰਚਨਾ ਨੂੰ ਮੁਕੰਮਲ ਕਰਨ ਵਿੱਚ ਚੇਤਨ ਮਨ ਦੀ ਅਹਿਮ ਭੂਮਿਕਾ ਹੁੰਦੀ ਹੈ।
ਸਮਾਗਮ ਦੌਰਾਨ ਉਨ੍ਹਾਂ ਨੂੰ ਕਵਿਤਾ ਸਿਰਜਣ ਦੇ ਦ੍ਰਿਸ਼ਟੀਕੋਣ, ਕਾਲਪਨਿਕਤਾ ਦੀ ਭੂਮਿਕਾ, ਖੁੱਲ੍ਹੀ ਕਵਿਤਾ ਅਤੇ ‘ਲੈਅ’ ਦੀ ਸਥਿਤੀ, ਅਤੇ ਵਿਗਿਆਨ ਤੇ ਕਲਾ ਦੀਆਂ ਵਿਭਿੰਨਤਾਵਾਂ ਸਬੰਧੀ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਨੇ ਸੰਤੋਸ਼ਜਨਕ ਜਵਾਬ ਦਿੱਤੇ।ਇਸ ਤੋਂ ਬਾਅਦ ਯੁਵਾ ਕਵੀ ਦਰਬਾਰ ਹੋਇਆ, ਜਿਸ ਵਿੱਚ ਸ਼ਾਇਰਪ੍ਰੀਤ, ਡਾ. ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਜਸਪ੍ਰੀਤ ਸਿੰਘ, ਕਸ਼ਮੀਰ ਸਿੰਘ ਗਿੱਲ, ਸਾਹਿਲ ਛਾਬੜਾ, ਨਿਸ਼ਾਨ ਸਿੰਘ ਅਤੇ ਨੋਵਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾਈਆਂ।ਸੰਸਥਾ ਵੱਲੋਂ ਡਾ. ਜਸਵੰਤ ਸਿੰਘ, ਪ੍ਰਿੰਸੀਪਲ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਅਕਾਦਮੀ ਅਤੇ ਗਗਨਦੀਪ ਸਿੰਘ, ਚੇਅਰਮੈਨ ਰਿਆੜਕੀ ਪਬਲਿਕ ਸਕੂਲ ਨੇ ਮੁੱਖ ਪ੍ਰਵਕਤਾ ਨੂੰ ਸਨਮਾਨਿਤ ਕੀਤਾ।ਸਮਾਗਮ ਦੀ ਸਮਾਪਤੀ ਪ੍ਰੋ. ਜਗਦੀਸ਼ ਸਿੰਘ, ਡਾਇਰੈਕਟਰ ਨਾਦ ਪ੍ਰਗਾਸੁ, ਨੇ ਧੰਨਵਾਦੀ ਸ਼ਬਦਾਂ ਨਾਲ ਕੀਤੀ।ਮੰਚ ਸੰਚਾਲਨ ਸੁਰਿੰਦਰ ਸਿੰਘ ਨੇ ਕੀਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …