ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਪੰਜਾਬ ਐਂਡ ਸਿੰਧ ਬੈਂਕ ਦੇ 118ਵੇਂ ਸਥਾਪਨਾ ਦਿਵਸ ਮੌਕੇ ਅੱਜ ਬੈਂਕ ਪ੍ਰਬੰਧਕਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤ ਦੀ ਸਹੂਲਤ ਲਈ ਦੋ ਵਾਟਰ ਕੂਲਰ ਸੌਂਪੇ।ਬੈਂਕ ਦੇ ਜਨਰਲ ਮੈਨੇਜਰ ਚਮਨ ਲਾਲ, ਜ਼ੋਨਲ ਮੈਨੇਜਰ ਗੁਰਮੀਤ ਸਿੰਘ, ਜ਼ੋਨਲ ਚੀਫ ਮੈਨੇਜਰ ਸੁਖਵਿੰਦਰ ਸਿੰਘ ਚੌਹਾਨ, ਬ੍ਰਾਂਚ ਮੈਨੇਜਰ ਸੁਖਪ੍ਰੀਤ ਸਿੰਘ ਤੇ ਹੋਰ ਬੈਂਕ ਅਧਿਕਾਰੀਆਂ ਨੂੰ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਓ.ਐਸ.ਡੀ ਸਤਬੀਰ ਸਿੰਘ ਧਾਮੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦਾ ਸਿੱਖਾਂ ਨਾਲ ਗਹਿਰਾ ਸਬੰਧ ਹੈ।ਇਸ ਬੈਂਕ ਦੀ ਸਥਾਪਨਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਹੋਈ ਸੀ ਅਤੇ ਇਸ ਦੇ 118 ਸਾਲਾ ਸਥਾਪਨਾ ਦਿਵਸ ਦੇ ਬੈਂਕ ਅਧਿਕਾਰੀਆਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸੰਗਤਾਂ ਦੀ ਸਹੂਲਤ ਲਈ 2 ਵਾਟਰ ਕੂਲਰ ਭੇਟ ਕੀਤੇ ਹਨ।ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ ਚਮਨ ਲਾਲ ਨੇ ਕਿਹਾ ਕਿ ਬੈਂਕ ਦੇ ਸਥਾਪਨਾ ਦਿਵਸ ਮੌਕੇ ਹਰ ਸਾਲ ਦੀ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਬੈਂਕ ਕਰਮਚਾਰੀਆਂ ’ਤੇ ਇਸੇ ਤਰ੍ਹਾਂ ਆਪਣੀ ਰਹਿਮਤ ਬਣਾਈ ਰੱਖਣ ਅਤੇ ਸੰਗਤਾਂ ਦੀ ਸੇਵਾ ਕਰਨ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸੁਪਰਡੈਂਟ ਨਿਸ਼ਾਨ ਸਿੰਘ, ਸੁਰਜੀਤ ਸਿੰਘ ਰਾਣਾ, ਹਰਜਿੰਦਰ ਸਿੰਘ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੇ ਅਧਿਕਾਰੀ ਤੇ ਹੋਰ ਮੌਜ਼ੂਦ ਸਨ।
Punjab Post Daily Online Newspaper & Print Media