Tuesday, December 30, 2025

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੁਆਰਾ ਲਿਖੀ ਗਈ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਨੂੰ ਲੋਕ ਭਵਨ, ਪੰਜਾਬ, ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਅਤੇ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਸਥਿਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਇੱਕ-ਰੋਜ਼ਾ ਕਾਨਫਰੰਸ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਦੇ ਵਿਚ ਰਸਮੀ ਤੌਰ `ਤੇ ਰਿਲੀਜ਼ ਕੀਤੀ।ਇਸ ਵਿੱਚ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਸਮੇਤ ਪੰਜਾਬ ਦੀਆਂ ਸਾਰੀਆਂ ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਰਾਜ ਦੇ ਸਰਹੱਦੀ ਜਿਲ੍ਹਿਆਂ ਦੇ ਕਾਲਜਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ।ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਮਾਣਯੋਗ ਰਾਜਪਾਲ ਦਾ ਕਿਤਾਬ ਰਿਲੀਜ਼ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਿੱਚ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਤਾਬ ਦੀਆਂ ਪੰਜ ਮੁੱਖ ਵਿਸ਼ੇਸ਼ਤਾਵਾਂ `ਤੇ ਚਾਨਣਾ ਪਾਇਆ।
ਉਹਨਾਂ ਦੱਸਿਆ ਕਿ ਇਹ ਕਿਤਾਬ ਤਿੰਨ ਲਿਪੀਆਂ ਵਿੱਚ ਲਿਪੀਅੰਤਰ ਕੀਤੀ ਗਈ ਹੈ (ਗੁਰਮੁਖੀ, ਦੇਵਨਾਗਰੀ ਅਤੇ ਅੰਗਰੇਜ਼ੀ) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਸ਼ਾਈ ਸੀਮਾਵਾਂ ਤੋਂ ਪਾਰ ਲੈ ਜਾਂਦੀ ਹੈ।ਇਸ ਤੋਂ ਇਲਾਵਾ ਇਸ ਕਿਤਾਬ ਨੂੰ ਆਡੀਓ ਬੁੱਕ ਵਜੋਂ ਵੀ ਵਿਕਸਤ ਕੀਤਾ ਗਿਆ ਹੈ।ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਅਤੇ 57 ਸਲੋਕ ਦਰਜ਼ ਹਨ, ਜੋ 15 ਰਾਗਾਂ ਵਿੱਚ ਰਚੇ ਗਏ ਹਨ, ਜਿਨ੍ਹਾਂ ਵਿੱਚ ਦੁਰਲੱਭ ਅਤੇ ਅਧਿਆਤਮਿਕ ਤੌਰ `ਤੇ ਮਹੱਤਵਪੂਰਨ ਜੈਜਾਵੰਤੀ ਰਾਗ ਵੀ ਸ਼ਾਮਲ ਹੈ।ਇਹ ਸਾਰੇ ਸ਼ਬਦ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਪ੍ਰਮਾਣਿਕ ਤੌਰ `ਤੇ ਦਰਜ ਕੀਤੇ ਗਏ ਹਨ ਅਤੇ ਕਿਉ.ਆਰ ਕੋਡ ਵੀ ਸ਼ਾਮਲ ਕੀਤੇ ਗਏ ਹਨ।ਇੱਕ ਹੋਰ ਵਿਸ਼ੇਸ਼ਤਾ ਦੱਸਦਿਆਂ ਉਹਨਾਂ ਕਿਹਾ ਇਸ ਕਿਤਾਬ ਵਿੱਚ ਸਹਿਜ ਤੋਂ ਸ਼ਹੀਦੀ ਤੱਕ ਦਾ ਇੱਕ ਵਿਲੱਖਣ ਅਧਿਆਇ ਸ਼ਾਮਲ ਹੈ, ਜੋ ਅੰਦਰੂਨੀ ਸੰਤੁਲਨ ਤੋਂ ਲੈ ਕੇ ਸਰਵਉੱਚ ਕੁਰਬਾਨੀ ਤੱਕ ਦੀ ਅਧਿਆਤਮਿਕ ਯਾਤਰਾ ਦਾ ਪਤਾ ਲਗਾਉਂਦਾ ਹੈ।ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਇਤਿਹਾਸ ਨੂੰ ਸਮਕਾਲੀ ਜ਼ਮੀਰ ਨਾਲ ਜੋੜਦੀ ਹੈ।
ਉਨ੍ਹਾਂ ਦੱਸਿਆ ਕਿ ਕਿਤਾਬ ਨੂੰ ਪ੍ਰਮੁੱਖ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਇਸ ਦੇ ਪਹਿਲੇ ਭਾਗ ਵਿੱਚ ਪੰਜ ਅਧਿਆਇ ਹਨ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ ਅਤੇ ਸਦੀਵੀ ਵਿਰਾਸਤ ਦਾ ਵੇਰਵਾ ਦਿੰਦੇ ਹਨ, ਜਦੋਂ ਕਿ ਦੂਜਾ ਭਾਗ ਗੁਰਬਾਣੀ ਨੂੰ ਸਮਰਪਿਤ ਹੈ।ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਮੌਕੇ ਹਾਜ਼ਰ ਅਕਾਦਮਿਕ ਲੀਡਰਸ਼ਿਪ ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਰਾਜਪਾਲ ਦੇ ਸਲਾਹਕਾਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਤਾਬ ਦੀ ਸ਼ਲਾਘਾ ਕੀਤੀ।ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਸੂਦ, ਯੂਜੀਸੀ ਦੇ ਸਾਬਕਾ ਸਕੱਤਰ ਪ੍ਰੋਫੈਸਰ ਅਖਿਲੇਸ਼ ਗੁਪਤਾ; ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰੋਫੈਸਰ ਜੀ.ਐਸ ਗੋਸਲ; ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਜਗਦੀਪ ਸਿੰਘ; ਪ੍ਰੋ. ਸੰਜੀਵ ਸ਼ਰਮਾ ਵਾਈਸ-ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ; ਪ੍ਰੋ. ਸੁਨੀਲ ਮਿੱਤਲ, ਵਾਈਸ-ਚਾਂਸਲਰ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ; ਪ੍ਰੋ. ਧਰਮਜੀਤ ਸਿੰਘ ਵਾਈਸ-ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਸੂਦ, ਆਯੁਰਵੈਦਿਕ ਯੂਨੀਵਰਸਿਟੀ ਦੇ ਵੀ.ਸੀ ਤੋਂ ਇਲਾਵਾ ਅਤੇ ਹੋਰ ਸੀਨੀਅਰ ਸਿੱਖਿਆ ਸ਼ਾਸਤਰੀਆਂ ਨੇ ਵੀ ਵੱਖਰੇ ਤੌਰ ‘ਤੇ ਇਸ ਕਿਤਾਬ ਦੇ ਉਪਰਾਲੇ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ।

Check Also

ਕੇਟੀ: ਕਲਾ ਮਿਊਜ਼ੀਅਮ ਸਮੂਹ ਪ੍ਰਦਰਸ਼ਨੀ “ਐਕਵਾ ਰੀਅਲਮਜ਼ – ਪਾਣੀ ਵਿੱਚ ਪੰਜ ਦ੍ਰਿਸ਼ਟੀਕੋਣ” ਦੀ ਮੇਜ਼ਬਾਨੀ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ) – ਸਥਾਨਕ ਕੇਟੀ: ਕਲਾ ਮਿਊਜ਼ੀਅਮ ਵਲੋਂ ਲਾਰੈਂਸ ਰੋਡ ਐਕਸਟੈਂਸ਼ਨ ਵਿਖੇ …