ਬੀਡੀਪੀਓ ਜਲਾਲਾਬਾਦ ਬਲਜੀਤ ਕੌਰ ਨੇ ਉਨ੍ਹਾਂ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਜਿਲ੍ਹੇ ਦੇ ਪਿੰਡ ਰੱਤਾ ਖੇੜਾ ਵਿਚ ਦਰਜ਼ਨ ਭਰ ਦਲਿਤ ਪਰਿਵਾਰਾਂ ਨੇ ਬੀਡੀਪੀਓ ਜਲਾਲਾਬਾਦ ਸਮੇਤ ਮੌਜੂਦਾ ਸਰਪੰਚ ਤੇ ਦਲਿਤ ਧਰਮਸ਼ਾਲਾ ਨੂੰ ਜਿੰਦਰਾ ਲਗਾਉਣ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਦਿੰਦਿਆਂ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਬਕਾ ਸਰਪੰਚ ਕਪੂਰ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਰਾਜ ਸਿੰਘ ਫੌਜੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਆਸ਼ਾ ਵਰਕਰ ਕਰਮਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਸ਼ਮਿੰਦਰ ਕੌਰ, ਨਿੰਦਰ ਕੌਰ, ਸੰਦੀਪ ਕੌਰ, ਸੁਖਜੀਤ ਕੌਰ ਆਦਿ ਨੇ ਦੱਸਿਆ ਕਿ ਬੀਤੇ ਕੱਲ ਮੌਜੂਦਾ ਸਰਪੰਚ ਦੇ ਕਹਿਣੇ ‘ਤੇ ਪਿੰਡ ਵਿਚ ਬਣੇ ਰਾਜੀਵ ਗਾਂਧੀ ਸੇਵਾ ਕੇਂਦਰ ਨੇੜੇ ਕੁਝ ਦੁਕਾਨਾਂ ਨੂੰ ਢਹਾਉਣ ਲਈ ਬੀਡੀਪੀਓ ਜਲਾਲਾਬਾਦ ਸਮੇਤ ਪੁਲਸ ਪਾਰਟੀ ਪਹੁੰਚੀ ਹੋਈ ਸੀ। ਜਿਨ੍ਹਾਂ ਨੇ ਦੁਕਾਨਾਂ ਢਾਉਣ ਤੋਂ ਬਾਅਦ ਉਨ੍ਹਾਂ ਦੀ ਧਰਮਸ਼ਾਲਾ ਨੂੰ ਵੀ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਧਰਮਸ਼ਾਲਾ ਵਿਚ ਕੁਝ ਸਮੇਂ ਤੋਂ ਆਂਗਨਵਾੜੀ ਅਤੇ ਸਿਲਾਈ ਸੈਂਟਰ ਚੱਲ ਰਿਹਾ ਹੈ।ਜਿਥੇ ਹਰ ਮਹੀਨੇ ਛੋਟੇ ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਕਾਲੇ ਪੀਲੀਏ ਆਦਿ ਦੇ ਟੀਕੇ ਵੀ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਨੂੰ ਤਾਲਾ ਲੱਗਿਆ ਹੋਣ ਕਾਰਨ ਅੱਜ ਨਾ ਤਾਂ ਆਂਗਨਵਾੜੀ ਅਤੇ ਨਾ ਸਿਲਾਈ ਸੈਂਟਰ ਖੁੱਲ ਸਕਿਆ ਹੈ। ਪੀੜ੍ਹਿਤ ਗਰੀਬ ਲੋਕਾਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸਮੇਤ ਹਲਕਾ ਵਿਧਾਇਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਧਰਮਸ਼ਾਲਾ ਨੂੰ ਲੱਗਿਆ ਤਾਲਾ ਖੁੱਲਵਾਇਆ ਜਾਵੇ ਅਤੇ ਤਾਲਾ ਲਗਾਉਣ ਵਾਲੇ ਸਰਪੰਚ, ਪੁਲਸ ਅਤੇ ਬੀਡੀਪੀਓ ਜਲਾਲਾਬਾਦ ਵਿਰੁੱਧ ਕਾਨੂੰਨੀ ਕਰਵਾਈ ਕੀਤੀ ਜਾਵੇ। ਜਦ ਇਸ ਸੰਬੰਧੀ ਬੀਡੀਪੀਓ ਜਲਾਲਾਬਾਦ ਬਲਜੀਤ ਕੌਰ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਜੇਕਰ ਅਜਿਹਾ ਹੈ ਤਾਂ ਉਹ ਹੁਣੇ ਸਰਪੰਚ ਨੂੰ ਕਹਿ ਕੇ ਤਾਲੇ ਨੂੰ ਖੁੱਲਵਾਉਣਗੇ।
Punjab Post Daily Online Newspaper & Print Media