ਕੇਜਰੀਵਾਲ ਦਾ ਚੋਣ ਮਨੋਰਥ ਪੱਤਰ ਤੱਥਾਂ ਤੋਂ ਪਰੇ ਤੇ ਸਬਜਬਾਗ ਦਿਖਾਉਣ ਦਾ ਜ਼ਰੀਆ
ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋ ਤਿਹਾਈ ਬਹੁਮੱਤ ਦੇ ਆਂਕੜੇ ਨਾਲ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਕਾਇਮ ਹੋਣ ਦਾ ਦਾਅਵਾ ਕੀਤਾ ਹੈ। ਦਿੱਲੀ ਵਿਖੇ ਕਿਰਨ ਬੇਦੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਦਿੱਲੀ ਵਿਖੇ 40 ਫੀਸਦੀ ਤੋਂ ਵੱਧ ਤਾਕਤ ਰੱਖਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਕਿਰਨ ਬੇਦੀ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਬੀਤੇ ਦਿਨੀਂ ਸਿੱਖ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕਰਨ ਦੇ ਦਿੱਤੇ ਗਏ ਵਾਇਦੇ ਨੂੰ ਵੀ ਇਸ ਮੌਕੇ ਜੀ.ਕੇ. ਨੇ ਯਾਦ ਕੀਤਾ।
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ‘ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਨਿਵਾਸੀਆਂ ਨੂੰ ਮੁਫਤ ਪਾਣੀ, ਵਾਈ ਫਾਈ ਆਦਿਕ ਦੇਣ ਦੇ ਕੀਤੇ ਗਏ ਐਲਾਨ ਨੂੰ ਵੀ ਝੂਠ ਦਾ ਪੁਲੰਦਾ ਦੱਸਿਆ। ਚੋਣ ਮਨੋਰਥ ਪੱਤਰ ਵਿੱਚ ਨਵੇਂ ਹਸਪਤਾਲ ਅਤੇ ਸਕੂਲ ਕਾਲਜ ਖੋਲਣ ਦੇ ਕੇਜਰੀਵਾਲ ਵੱਲੋਂ ਵਿਖਾਏ ਗਏ ਸੁਪਨਿਆਂ ‘ਤੇ ਸੁਆਲੀਆ ਨਿਸ਼ਾਨ ਖੜੇ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਕੇਜਰੀਵਾਲ ਨੇ ਕਿਤੇ ਵੀ ਇਹ ਨਹੀਂ ਦੱਸਿਆ ਕਿ ਨਵੇਂ ਢਾਂਚੇ ਵਾਸਤੇ ਲੋੜੀਂਦਾ ਫੰਡ ਕਿਥੋਂ ਆਵੇਗਾ? ਲੋਕਾਂ ਨੂੰ ਸਬਜਬਾਗ ਦਿਖਾਕੇ ਪਿਛਲੀਆਂ ਚੋਣਾਂ ਜਿੱਤਣ ਦੇ ਫਾਰਮੂਲੇ ਨੂੰ ਇਸ ਵਾਰ ਦਿੱਲੀ ਦੇ ਲੋਕਾਂ ਵੱਲੋਂ ਕੇਜਰੀਵਾਲ ਨੂੰ ਨੁਕਰੇ ਲਾਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਚੋਣ ਮਨੋਰਥ ਪੱਤਰ ਵਿੱਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਕੀਤੇ ਗਏ ਦਾਅਵੇ ਨੂੰ ਕਾਨੂੰਨੀ ਚਾਰਾਜੋਈ ਕਰਕੇ ਨਾ ਪਾਸ ਹੋਣ ਦਾ ਵੀ ਜੀ.ਕੇ. ਨੇ ਖਦਸਾ ਜਿਤਾਇਆ।
ਜੀ.ਕੇ. ਨੇ ਕਿਹਾ ਕਿ ਲੋਕਲੁਭਾਵਨ ਤਰੀਕੇ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਉਹ ਧਿਰ ਕਰਦੀ ਹੈ, ਜਿਸ ਨੂੰ ਆਪਣੀ ਪਾਰਟੀ ਦੇ ਚੋਣਾਂ ਹਾਰਨ ਦਾ ਖਦਸਾ ਹੋਵੇ। ਕੇਜਰੀਵਾਲ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਐਸ.ਆਈ.ਟੀ. ਬਣਾਉਣ ਦੀ ਕੀਤੀ ਗਈ ਘੋਸ਼ਣਾ ਨੂੰ ਵੀ ਜੀ.ਕੇ. ਨੇ ਹਵਾਈ ਫਾਇਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕੈਬਿਨਟ ਵੱਲੋਂ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਐਸ.ਆਈ.ਟੀ. ਬਣਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਉਹ ਇਨਸਾਫ ਸਿੱਖ ਕੌਮ ਨੂੰ ਦਿਵਾਉਣ ਦੀ ਬਜਾਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੋਟਾਂ ਵਿੱਚ ਤਬਦੀਲ ਕਰਨ ਦਾ ਇੱਕ ਜ਼ਰੀਆ ਮਾਤਰ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐਸ.ਆਈ.ਟੀ. ਬਣਾਉਣ ਦੇ ਪੁਰਾਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਜੀ.ਕੇ. ਨੇ ਕੇਜਰੀਵਾਲ ਦੀ ਦਿੱਲੀ ਪੁਲਿਸ ਦੀ ਇੱਕ ਵੱਖ ਵਿੰਗ ਨੂੰ ਐਸ.ਆਈ.ਟੀ. ਬਣਾਉਣ ਦੀ ਕੀਤੀ ਗਈ ਸਿਫਾਰਸ਼ ਤੋਂ ਕੋਈ ਫਾਇਦਾ ਇਨਸਾਫ ਪ੍ਰਾਪਤੀ ਵਿੱਚ ਸਿੱਖਾਂ ਨੂੰ ਨਾ ਮਿਲਣ ਦਾ ਵੀ ਕੀਤਾ। ਬੀਤੇ 30 ਸਾਲਾਂ ਤੋਂ ਦਿੱਲੀ ਪੁਲਿਸ ਵੱਲੋਂ ਇਨਸਾਫ ਨੂੰ ਮਿਲਣ ਤੋਂ ਰੋਕਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਕਰਕੇ ਉਨ੍ਹਾਂ ਦਿੱਲੀ ਪੁਲਿਸ ਦੇ ਅਧੀਨ ਕੇਜਰੀਵਾਲ ਦੀ ਐਸ.ਆਈ.ਟੀ ਦੇ ਮਸੋਦੇ ਨੂੰ ਸਿਰੇ ਤੋਂ ਖਾਰਿਜ ਕੀਤਾ।