Monday, August 10, 2026

ਦਸਵੰਧ ਤੇ ਗੁਰੂ ਕੀ ਗੋਲਕ ਸਮਾਜ ਦੀ ਤਕਦੀਰ ਬਦਲ ਸਕਦੀ ਹੈ- ਇਕਵਾਕ ਸਿੰਘ ਪੱਟੀ

ਰਾਬਤਾ ਰੇਡੀਉ ਅਸਟ੍ਰੇਲੀਆ ਵੱਲੋਂ ਦਸਵੰਧ ਵਿਸ਼ੇ ਤੇ ਵਿਸ਼ੇਸ਼ ਟਾਕ ਸ਼ੋਅ

Ikwak Singh Patti

ਅੰਮ੍ਰਿਤਸਰ, 9 ਫਰਵਰੀ (ਗੁਰਪ੍ਰੀਤ ਸਿੰਘ) – ਬੀਤੇ ਦਿਨੀਂ ਰਾਬਤਾ ਰੇਡੀਉ ਅਸਟ੍ਰੇਲੀਆ ਤੇ ਬੂਟਾ ਬਾਸੀ ਵੱਲੋਂ ਨਿਰਦੇਸ਼ਤ ਕੀਤੇ ਜਾਂਦੇ ਪ੍ਰੋਗ੍ਰਾਮ ‘ਸਾਂਝੀ ਸੋਚ’ ਵਿੱਚ ਸ. ਹਨਵੰਤ ਸਿੰਘ ਪ੍ਰੋਗਰਾਮ ਹੋਸਟ ਵੱਲੋਂ ‘ਦਸਵੰਧ’ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਅੰਮ੍ਰਿਤਸਰ ਦੇ ਨੌਜਵਾਨ ਲੇਖਕ ਅਤੇ ਆਗੂ ਸ. ਇਕਵਾਕ ਸਿੰਘ ਪੱਟੀ ਵੱਲੋਂ ਉਕਤ ਵਿਸ਼ੇ ਸਬੰਧੀ ਕਈ ਸਵਾਲਾਂ ਦੇ ਜੁਆਬ ਦਿੱਤੇ ਗਏ। ਸ. ਪੱਟੀ ਨੇ ਇਤਿਹਾਸਕ, ਗੁਰਬਾਣੀ ਅਤੇ ਪੁਰਤਾਨ ਧਰਮ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਸਾਬਤ ਕੀਤਾ ਦਸਵੰਧ ਅਤੇ ਦਾਨ ਵਿੱਚ ਬਹੁਤ ਫਰਕ ਹੈ।ਕਿਉਂਕਿ ਜਿੱਥੇ ਕੀਤਾ ਗਿਆ ਦਾਨ ਹਊਮੇ ਅਤੇ ਚੌਧਰ ਵਿੱਚ ਵਾਧਾ ਕਰਦਾ ਹੈ, ਉੱਥੇ ਸਿੱਖ ਲਈ ਦਸਵੰਧ ਗੁਰੂ ਦਾ ਹੁਕਮ ਹੈ ਅਤੇ ਗੁਰੂ ਪ੍ਰਮਾਤਮਾਂ ਵੱਲੋਂ ਮਿਲੀਆਂ ਬਖਸ਼ਸ਼ਾਂ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰਨੀ ਗੁਰੂ ਦੇ ਹੁਕਮ ਅਨੁਸਾਰ ਹੈ।ਕਿਉਂਕਿ ਇਸ ਸੰਸਾਰ ਦਾ ਕਰਤਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ ਅਤੇ ਸਾਡਾ ਸਰੀਰ ਵੀ ਸਾਡਾ ਨਹੀਂ ਹੈ, ਤਾਂ ਅਸੀਂ ਦਾਨੀ ਕਿਵੇਂ ਹੋ ਸਕਦੇ ਹਾਂ? ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਜੇਕਰ ਦਸਵੰਧ ਜਾਂ ਗੁਰੂ ਘਰ ਅਰਪਤ ਕੀਤੀ ਗਈ ਮਾਇਆ ਦੀ ਸਦਵਰਤੋਂ ਕੀਤੀ ਜਾਵੇ ਤਾਂ ਸਮਾਜ ਵਿੱਚੋਂ ਗਰੀਬੀ ਹਮੇਸ਼ਾਂ ਵਾਸਤੇ ਖਤਮ ਕੀਤੀ ਜਾ ਸਕਦੀ ਹੈ ਅਤੇ ਕਈ ਪਰਿਵਾਰਾਂ ਦੇ ਜੀਆਂ ਲਈ ਆਮਦਨ ਦੇ ਸ੍ਰੋਤ ਪੈਦਾ ਕੀਤੇ ਜਾ ਸਕਦੇ ਹਨ, ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਸਹਿਜੇ ਹੀ ਚੁੱਕਿਆ ਜਾ ਸਕਦਾ ਹੈ ਅਤੇ ਆਪਣੇ ਆਕੀਦੇ ਵਿੱਚ ਪੱਕੇ ਸਿਕਲੀਗਰ ਸਿੱਖਾਂ ਦਾ ਜੀਵਨ ਵੀ ਦਸਵੰਧ ਦੀ ਸਹੀ ਵਰਤੋਂ ਨਾਲ ਉੱਚਾ ਚੁੱਕਿਆ ਜਾ ਸਕਦਾ ਹੈ।ਉਹਨਾਂ ਕਿਹਾ ਦਸਵੰਧ ਸੰਸਥਾ ਸਮਾਜ ਭਲਾਈ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਹੀ ਗੁਰੂ ਸਾਹਿਬਾਨ ਵੱਲੋਂ ਸੰਗਠਿਤ ਕੀਤੀ ਗਈ ਸੀ।ਇਹ ਸਾਰਾ ਪ੍ਰੋਗ੍ਰਾਮ ਰਾਬਤਾ ਰੇਡੀਉ ਦੀ ਵੈੱਬ-ਸਾਈਟ ਤੇ ਕਿਸੇ ਵੇਲੇ ਵੀ ਸੁਣਿਆ ਜਾ ਸਕਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply