ਸ਼ਾਮ ਸਿੰਘ ਅਟਾਰੀਵਾਲਾ ਕੌਮ ਦੇ ਮਹਾਨ ਜਰਨੈਲ – ਕੈਬਨਿਟ ਮੰਤਰੀ ਰਣੀਕੇ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ/ਰੋਮਿਤ ਸ਼ਰਮਾ) – ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਦਾ 169ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਰਾਜ ਪੱਧਰੀ ਇਸ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ਹੀਦੀ ਦਿਹਾੜੇ ਮੌਕੇ ਇੰਡੀਆ ਗੇਟ ਵਿਖੇ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀੇ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ, ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਨਗਰ ਨਿਗਮ, ਸ੍ਰੀ ਰਾਜੇਸ਼ ਸ਼ਰਮਾ ਐੱਸ.ਡੀ.ਐੱਮ-2., ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਪਰਿਵਾਰਕ ਮੈਂਬਰ ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ‘ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਜਰਨਲ ਸ਼ਾਮ ਸਿੰਘ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਰਹੇਗੀ। ਉਨ੍ਹਾਂ ਕਿਹਾ ਕਿ ਸ਼ਾਮ ਸਿੰਘ ਅਟਾਰੀ ਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿੱਚ ਜਿਸ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਆਪਣੇ ਆਪ ਵਿੱਚ ਮਿਸਾਲ ਹੈ। ਸ. ਰਣੀਕੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਨੂੰ ਦੇਸ਼ ਕੌਮ ਲਈ ਕੁਰਬਾਨ ਕਰ ਦਿੱਤਾ। ਇਸੇ ਦੌਰਾਨ ਇੰਡੀਆ ਗੇਟ ਵਿਖੇ ਸਕੂਲੀ ਬੱਚਿਆਂ ਵੱਲੋਂ ਬੀਰ ਰਸ ਅਤੇ ਦੇਸ਼ ਭਗਤੀ ਨਾਲ ਭਰਪੂਰ ਗੀਤ ਵੀ ਪੇਸ਼ ਕੀਤੇ ਗਏ।
ਇਸ ਉਪਰੰਤ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ਅਟਾਰੀ ਵਿਖੇ ਵੀ ਸ਼ਹੀਦੀ ਸਮਾਗਮ ਕਰਾਇਆ ਗਿਆ ਜਿਸ ਦੌਰਾਨ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਏ ਗਏ। ਕੀਰਤਨੀ ਸਿੰਘਾਂ ਨੇ ਗੁਰੂ ਜਸ ਗਾਇਨ ਕੀਤਾ ਅਤੇ ਢਾਡੀ ਜਥਿਆਂ ਨੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਿਆਂ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਹੀਦੀ ਸਮਾਗਮ ਦੇ ਅਖੀਰ ਵਿੱਚ ਅਟਾਰੀ ਵਿਖੇ ਕੁਸਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ।
Punjab Post Daily Online Newspaper & Print Media