ਬਟਾਲਾ ਨਗਰ ਕੌਂਸਲ ਦੇ 35 ਵਾਰਡਾਂ ਲਈ 100 ਪੋਲਿੰਗ ਸਟੇਸ਼ਨ ਬਣਾਏ ਗਏ
ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਦੀਆਂ ਚੋਣਾਂ ਨੂੰ ਅਮਨ-ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਟਾਲਾ ਤਹਿਸੀਲ ‘ਚ ਆਉਂਦੀਆਂ 4 ਨਗਰ ਕੌਂਸਲਾਂ ਲਈ ਰਿਟਰਨਿੰਗ ਅਧਿਕਾਰੀ ਤਇਨਾਤ ਕੀਤੇ ਹੋਏ ਹਨ ਜੋ ਕਿ 13 ਫਰਵਰੀ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੇਪਰ ਲੈਣਗੇ। ਨਗਰ ਕੌਂਸਲ ਬਟਾਲਾ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਰਿਟਰਨਿੰਗ ਅਧਿਕਾਰੀ ਤਇਨਾਤ ਕੀਤਾ ਗਿਆ ਹੈ, ਜਦਕਿ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਲਈ ਜ਼ਿਲ੍ਹਾ ਮਾਲ ਅਧਿਕਾਰੀ ਰਿਟਰਨਿੰਗ ਅਫਸਰ ਹਨ। ਫਤਿਹਗੜ੍ਹ ਚੂੜੀਆਂ ਤੇ ਕਾਦੀਆਂ ਲਈ ਐੱਸ.ਡੀ.ਐੱਮ. ਬਟਾਲਾ ਨੂੰ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ।
ਬਟਾਲਾ ਨਗਰ ਕੌਂਸਲ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਇੰਪਰੂਵਮੈਂਟ ਟਰੱਸਟ ਵਿਖੇ ਲਏ ਜਾ ਰਹੇ ਹਨ, ਫਤਿਹਗੜ੍ਹ ਚੂੜੀਆਂ ਦੇ ਨਾਮਜ਼ਦਗੀ ਪੱਤਰ ਸਬ ਤਹਿਸੀਲ ਦਫਤਰ ਫਤਹਿਗੜ੍ਹ ਚੂੜੀਆਂ, ਕਾਦੀਆਂ ਦੇ ਸਬ ਤਹਿਸੀਲ ਦਫਤਰ ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਦੇ ਬੀ.ਡੀ.ਪੀ.ਓ. ਦਫਤਰ ਸ੍ਰੀ ਹਰਗੋਬਿੰਦਪੁਰ ਵਿਖੇ ਲਏ ਜਾ ਰਹੇ ਹਨ।
ਨਗਰ ਕੌਂਸਲ ਬਟਾਲਾ ਦੀਆਂ 35 ਵਾਰਡਾਂ ਲਈ 100 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਦਕਿ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ 13 ਵਾਰਡਾਂ ਲਈ 13 ਪੋਲਿੰਗ ਸਟੇਸ਼ਨ, ਕਾਦੀਆਂ ਦੇ 15 ਵਾਰਡਾਂ ਲਈ 15 ਪੋਲਿੰਗ ਸਟੇਸ਼ਨ ਅਤੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ 11 ਵਾਰਡਾਂ ਲਈ 11 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਵੱਲੋਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਪੀਣ ਲਈ ਪਾਣੀ, ਬਿਜਲੀ, ਚੋਣ ਅਮਲੇ ਲਈ ਕੁਰਸੀਆਂ ਮੇਜ, ਅੰਗਹੀਣ ਵੋਟਰਾਂ ਲਈ ਰੈਂਪ ਆਦਿ ਦੀ ਸਹੂਲਤ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਪਲਿੰਗ ਸਟੇਸ਼ਨਾਂ ਦੀ ਸੁਰੱਖਿਆ ਲਈ ਵੀ ਪੁਲਿਸ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ।
Punjab Post Daily Online Newspaper & Print Media