Tuesday, April 7, 2026

ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦੇ ਮਾਰਚ ਨੂੰ ਪੁਲਸ ਨੇ ਰੋਕਿਆ

ਬਠਿੰਡਾ, 17 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪ੍ਰੋ: ਅਜਮੇਰ ਔਲਖ ਸਨਮਾਨ ਸਮਾਰੋਹ ਸਮਰਥਨ ਕਮੇਟੀ ਵੱਲੋਂ ਸ਼ਹਿਰ ਅੰਦਰ ਕੀਤੇ ਜਾਣ ਵਾਲੇ ਸਨਮਾਨ ਮਾਰਚ ਨੂੰ ਪੁਲਸ ਫੋਰਸ ਦੀ ਭਾਰੀ ਨਫ਼ਰੀ ਵੱਲੋਂ ਰੋਕ ਦਿੱਤਾ ਗਿਆ।ਇਹ ਮਾਰਚ ਬਠਿੰਡਾ ਸ਼ਹਿਰ ਦੇ ਸਾਹਿਤਕਾਰਾਂ ਕਲਾਕਾਰਾਂ ਤੇ ਹੋਰ ਬੁੱਧੀਜੀਵੀ ਹਿੱਸਿਆਂ ਦੀ ਅਗਵਾਈ ਹੇਠ ਕੀਤਾ ਜਾਣਾ ਸੀ। ਸਥਾਨਕ ਟੀਚਰਜ਼ ਹੋਮ ਵਿੱਚ ਇਕੱਤਰ ਹੋਣ ਤੋਂ ਬਾਅਦ ਜਿਉਂ ਹੀ ਮਾਰਚ ਸ਼ੁਰੂ ਕੀਤਾ ਗਿਆ ਤਾਂ ਪੁਲਸ ਵੱਲੋਂ ਇਸ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦੀਆ ਕਨਵੀਨਰ ਸ਼੍ਰੀ ਜਸਪਾਲ ਮਾਨਖੇੜਾ ਤੇ ਕੋ: ਕਨਵੀਨਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਵੱਲੋ ਪੂਰੇ ਸ਼ਾਂਤਮਈ ਤਰੀਕੇ ਨਾਲ ਸ਼ਹਿਰ ਅੰਦਰ ਮਾਰਚ ਕੀਤਾ ਜਾਣਾ ਸੀ ਅਤੇ ਪਿੰਡ ਰੱਲਾ ਵਿਖੇ ਹੋ ਰਹੇ ਪ੍ਰੋ: ਔਲਖ ਦੇ ਸਨਮਾਨ ਸਮਾਰੋਹ ਵਿੱਚ ਪਹੁੰਚਣ ਦਾ ਸੱਦਾ ਦਿੰਦਾ ਹੋਏ ਇੱਕ ਹੱਥ ਪਰਚਾ ਵੀ ਵੰਡਿਆ ਜਾਣਾ ਸੀ।ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਜਿੱਥੇ ਸ਼ਹਿਰ ਦੇ ਅਗਾਂਹਵਧੂ ਲੇਖਕ, ਕਹਾਣੀਕਾਰ ਤੇ ਹੋਰ ਸਾਹਿਤਕ ਕਾਮੇ ਸ਼ਾਮਲ ਹੋਏ ਸਨ ਉਥੇ ਵੱਡੀ ਗਿਣਤੀ ਵਿੱਚ ਅਧਿਆਪਕ, ਮੁਲਾਜ਼ਮ, ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਨੌਜਵਾਨ ਵੀ ਪਹੁੰਚੇ ਹੋਏ ਸਨ।
ਇਸਦੇ ਨਾਲ ਹੀ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਆਗੂ ਅਮੋਲਕ ਸਿੰਘ, ਪਾਵੇਲ ਕੁੱਸਾ ਤੇ ਪੁਸ਼ਪ ਲਤਾ ਨੇ ਵੀ ਕਿਹਾ ਕਿ ਅੱਜ ਦੇ ਘਟਨਾਕ੍ਰਮ ਨੇ ਵਿਖਾਇਆ ਹੈ ਕਿ ਇਹਨੀ ਦਿਨੀਂ ਪੰਜਾਬ ਵਿੱਚ ਸੰਘਰਸ਼ੀ ਸਰਗਰਮੀਆਂ ਤੇ ਲੱਗੀਆਂ ਪਾਬੰਦੀਆਂ ਹੁਣ ਅਗਾਂਹ ਵਧ ਕੇ ਲੋਕ ਪੱਖੀ ਸਾਹਿਤ ਕਲਾ ਦੇ ਖੇਤਰ ਨੂੰ ਵੀ ਆਪਣੀ ਮਾਰ ਵਿੱਚ ਲੈ ਰਹੀਆਂ ਹਨ।ਇਸ ਲਈ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਨੂੰ ਵੀ ਹਕੂਮਤੀ ਬੰਦਸ਼ਾਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨਾਂ ਅੱਜ ਦੀ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਟੀਚਰਜ਼ ਹੋਮ ਬਠਿੰਡਾ ਵਿੱਚ ਹੋਏ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਅਤਰਜੀਤ, ਸੁਖਦਰਸ਼ਨ ਗਰਗ, ਰਣਜੀਤ ਗੌਰਵ, ਮੰਗਤ ਕੁਲਜਿੰਦ, ਰਣਵੀਰ ਰਾਣਾ, ਅਮਰਜੀਤ ਪੇਂਟਰ, ਦਮਜੀਤ ਦਰਸ਼ਨ ਤੇ ਸ਼੍ਰੀ ਬੱਗਾ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਇਹ ਮਾਰਚ ਪੂਰੇ ਪੰਜਾਬ ਭਰ ਵਿੱਚ ਚੱਲ ਰਹੀ ‘ਪ੍ਰੋ: ਅਜਮੇਰ ਔਲਖ ਸਲਾਮ ਅਤੇ ਸਨਮਾਨ ਜਨਤਕ ਮੁਹਿੰਮ’ ਦੇ ਅੰਗ ਵਜੋਂ ਬਠਿੰਡਾ ਖੇਤਰ ਵਿੱਚ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤਾ ਜਾਣਾ ਸੀ। ਬਠਿੰਡਾ ਖੇਤਰ ਦੇ ਪਿੰਡਾਂ ਅੰਦਰ ਵੀ ਇਹ ਮੁਹਿੰਮ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ ਤੇ ਮਾਰਚਾਂ ਦੇ ਵੱਖ ਵੱਖ ਰੂਪਾਂ ਵਿੱਚ ਜਾਰੀ ਹੈ। ਪਿਛਲੇ ਦਿਨਾਂ ਦੌਰਾਨ ਸਿਵੀਆਂ, ਖੇਮੂਆਣਾ, ਮਹਿਮਾ ਸਰਜਾ, ਦਿਓਣ, ਬਾਹੋ ਯਾਤਰੀ, ਬਾਹੋ ਸਿਵੀਆਂ, ਬਾਜਕ, ਬਾਂਡੀ, ਕੋਟਲੀ ਆਦਿ ਪਿੰਡਾਂ ਵਿੱਚ ਨੁੱਕੜ ਨਾਟਕਾਂ ਦੀ ਮੁਹਿੰਮ ਰਾਹੀਂ ਸੁਨੇਹਾ ਪਹੁੰਚਾਇਆ ਜਾ ਚੁੱਕਾ ਹੈ। ਇਸ ਤੋਂ ਬਿਨਾਂ ਸ਼ਹਿਰ ਦੀ ਹਜੂਰਾ ਕਪੂਰਾ ਕਲੋਨੀ ਤੇ ਕਮਲਾ ਨਹਿਰੂ ਕਲੋਨੀ ਵਿੱਚ ਵੀ ਇਉਂ ਹੀ ਨੁੱਕੜ ਨਾਟਕ ਖੇਡਿਆ ਗਿਆ ਤੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਬਠਿੰਡਾ ਸ਼ਹਿਰ ਦੀਆਂ ਹੋਰ ਬਸਤੀਆਂ, ਸਰਕਾਰੀ ਰਜਿੰਦਰਾ ਕਾਲਜ, ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਇੰਜੀਨੀਅਰਿੰਗ ਕਾਲਜ ਵਰਗੀਆਂ ਵਿੱਦਿਅਕ ਸੰਸਥਾਵਾਂ ਤੱਕ ਲਿਜਾਇਆ ਜਾਵੇਗਾ।ਪੇਂਡੂ ਖੇਤਰ ਅੰਦਰ ਦਾਨੇ ਕਾ ਚੱਕ, ਲੂਲਬਾਈ, ਬੰਬੀਹਾ, ਘੁੱਦਾ, ਚੱਕ ਅਤਰ ਸਿੰਘ ਵਾਲਾ, ਕੋਟ ਗੁਰੂ ਆਦਿ ਪਿੰਡਾਂ ਵਿੱਚ ਵੀ ਇਸ ਮੁਹਿੰਮ ਰਾਹੀਂ ਪਹੁੰਚ ਕੀਤੀ ਜਾਵੇਗੀ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply