‘
ਅੰਮ੍ਰਿਤਸਰ, 17 ਫਰਵਰੀ (ਗੁਰਪ੍ਰੀਤ ਸਿੰਘ) – ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੀ ਮੱਖ ਗਵਾਹ ਬੀਬੀ ਜਗਦੀਸ਼ ਕੌਰ ਜਿੰਨਾਂ ਦਾ ਚੂਲਾ ਟੁੱਟ ਜਾਣ ਕਰਕੇ ਬਿਮਾਰ ਚੱਲ ਰਹੇ ਸਨ, ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਦਿਲੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਅਤੇ ਜੱਸੀ ਜਸਰਾਜ ਰਾਹੀਂ ਫੁੱਲਾਂ ਦਾ ਗੁਲਦਸਤਾ ਭੇਜਿਆ।
ਸਥਾਨਕ ਸੁਲਤਾਨਵਿੰਡ ਪਿੰਡ ਵਿਖੇ ਬੀਬੀ ਜਗਦੀਸ਼ ਕੌਰ ਨੂੰ ਉਨਾਂ ਦੇ ਘਰ ਪੁੱਜ ਕੇ ਜੱਸੀ ਜਸਰਾਜ ਨੇ ਸ੍ਰੀ ਕੇਜਰੀਵਾਲ ਵੱਲੋਂ ਭੇਜਿਆ ਗੁਲਦਸਤਾ ਭੇਂਟ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਮਾਤਾ ਨੂੰ ਪੁੱਤਰ ਦਾ ਪਿਆਰ ਭੇਜ ਕੇ ਅਸ਼ੀਰਵਾਦ ਮੰਗਿਆ ਹੈ ਅਤੇ ਕਾਮਨਾ ਕੀਤੀ ਹੈ ਕਿ ਉਹ ਛੇਤੀ ਤੰਦਰੁਸਤ ਹੋਣ ਕਿਉਂਕਿ ਉਨਾਂ ਦੀ ਬਹੁਤ ਲੋੜ ਹੈ।ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਵੋਟਰਾਂ ਤੇ ਸਮੂਹ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਕਾਮਯਾਬ ਹੋਏ ਸ੍ਰੀ ਕੇਜਰੀਵਾਲ ਨੇ 1984 ‘ਚ ਸਿੱਖ ਕਤਲੇਆਮ ਦਾ ਸਿੱਖ ਭਾਈਚਾਰੇ ਨੂੰ ਇਨਸਾਫ ਦਿਵਾਉਣ ਲਈ ਸਾਲ ਪਹਿਲਾਂ ਵੀ ਐਸ.ਆਈ.ਟੀ ਦਾ ਗਠਨ ਕਰਕੇ ਉਪਰਾਲਾ ਕੀਤੀ ਸੀ ਅਤੇ ਹੁਣ ਵੀ ਜਦ ਭਾਜਪਾ ਨੂੰ ਆਪਣੀ ਹਾਰ ਪ੍ਰਤੱਖ ਨਜ਼ਰ ਆਈ ਤਾਂ ਉਸਨੇ ਦਿੱਲੀ ਦੀਆਂ ਵੋਟਾਂ ਪੈਣ ਉਪਰੰਤ ਚੋਣ ਜਾਬਤਾ ਖਤਮ ਹੁੰਦਿਆਂ ਹੀ ਸਿੱਖ ਕਤਲੇਆਮ ਦੀ ਦੁਬਾਰਾ ਜਾਂਚ ਲਈ ਐਸ.ਆਈ.ਟੀ. ਦਾ ਕਾਹਲੀ ਵਿੱਚ ਗਠਨ ਕੀਤਾ ਹੈ, ਜਿਸ ਦੀ ਜਾਂਚ ਲਈ ‘ਆਪ’ ਪੂਰਾ ਸਹਿਯੋਗ ਕਰੇਗੀ।ਗਾਇਕ ਤੇ ‘ਆਪ’ ਆਗੂ ਜੱਸੀ ਜਸਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ’84 ਦੇ ਸਿੱਖ ਕਤਲੇਆਮ ਨੂੰ ਉਹ ਲੋਕਤੰਤਰ ਵਿੱਚ ਮਨੁੱਖਤਾ ਦਾ ਕਤਲ ਮੰਨਦੇ ਹਨ ਅਤੇ ਸਿੱਖਾਂ ਨੂੰ ਹਰ ਹਾਲਤ ‘ਚ ਨਿਆਂ ਦਿਵਾਉਣਗੇ।
ਬੀਬੀ ਜਗਦੀਸ਼ ਕੌਰ ਨੇ ਕੇਜਰੀਵਾਲ ਵੱਲੋਂ ਉਹਨਾਂ ਦੀ ਤੰਦਰੁਸਤੀ ਲਈ ਭੇਜੇ ਗਏ ਫੁੱਲਾਂ ਦਾ ਗੁਲਦਸਤਾ ਭੇਜਣ ‘ਤੇ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਸ਼ੇਰ ਪੁੱਤਰ ਹੈ ਜਿਸ ਨੇ ਸਿੱਖ ਕੌਮ ਲਈ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਕਤਲੇਆਮ ਖਿਲਾਫ ਲਾਏ ਧਰਨੇ ਦੌਰਾਨ ਵੀ ਹਰ ਤਰਾਂ ਸਹਾਇਤਾ ਦਿੱਤੀ ਤੇ ਧਰਨੇ ਵਿੱਚ ਵੀ ਬੈਠਿਆ। ਉਹਨਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੂੰ ਇਨਸਾਫ ਦੀ ਪੂਰੀ ਆਸ ਹੈ ਕਿ ਕੇਜਰੀਵਾਲ ਦੇ ਰਾਜ ਦੌਰਾਨ ਸਿੱਖਾਂ ਨੂੰ ਇਨਸਾਫ ਮਿਲੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਰੱਬ ਦੇ ਭਓ ਵਿੱਚ ਰਹਿਣ ਵਾਲਾ ਹੈ ਅਤੇ ਜਿਸ ਦੀ ਉਹ ਬਹੁਤ ਧੰਨਵਾਦੀ ਹੈ।ਉਹਨਾਂ ਕਿਹਾ ਕਿ ਸਿੱਖ ਕਤਲੇਆਮ ਵਿੱਚ ਹਰ ਉਸ ਸਿੱਖ ਨੂੰ ਕੋਹ ਕੋਹ ਕੇ ਮਾਰਿਆ ਗਿਆ, ਜੋ ਫਸਾਦੀਆਂ ਦੇ ਸਾਹਮਣੇ ਆਇਆ।ਉਨਾਂ ਕਿਹਾ ਕਿ ਇਸ ਐਸ.ਆਈ.ਟੀ. ਤੋਂ ਆਸ ਹੈ ਕਿ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹੁਣ ਇਹ ਜਰੂਰ ਦੱਸੇ ਕਿ ਸਿੱਖ ਭਾਈਚਾਰੇ ਨੂੰ ਕਿਸ ਜੁਲਮ ਦੀ ਸਜਾ ਦਿੱਤੀ ਗਈ।ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਇਨਸਾਫ ਦਿਵਾਉਣ ਵਾਲੇ ਹਰ ਆਗੂ ਤੇ ਪਾਰਟੀ ਦਾ ਸ਼ੁਕਰਗੁਜਾਰ ਹੋਣਗੇ ਜੋ ਉਹਨਾਂ ਨੂੰ ਇਨਸਾਫ ਦਿਵਾਏਗੀ, ਲੇਕਿਨ ਕੇਜਰੀਵਾਲ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਹਨ। ਇਸ ਮੌਕੇ ਬੀਬੀ ਜਗਦੀਸ਼ ਕੌਰ ਦਾ ਬੇਟਾ ਗੁਰਦੀਪ ਸਿੰਘ ਗੋਲਡੀ, ਹਰਿੰਦਰ ਸਿੰਘ ਜਿਲਾ ਇੰਚਾਰਜ ਆਮ ਆਦਮੀ ਪਾਰਟੀ, ਭਰਪੂਰ ਸਿੰਘ, ਅਰਵਿੰਦਰ ਸਿੰਘ ਸੁਲਤਾਨਵਿੰਡ, ਕਸ਼ਮੀਰ ਸਿੰਘ, ਜਗਮੋਹਨ ਸਿੰਘ ਸ਼ਾਂਤ ਆਦਿ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …