Wednesday, April 8, 2026

ਵਿਕਾਸ ਦੇ ਮੁੱਦੇ ‘ਤੇ ਸਥਾਨਿਕ ਚੋਣਾਂ ਲੜ ਰਹੇ ਅਕਾਲੀ ਦਲ ਦੀ ਜਿੱਤ ਯਕੀਨੀ-ਮਜੀਠੀਆ

ਗੁ: ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਧਾਰਮਿਕ ਸਮਾਗਮ ਮੌਕੇ ਭਰੀ ਹਾਜ਼ਰੀ

PPN1802201513

ਕੱਥੂਨੰਗਲ (ਅੰਮ੍ਰਿਤਸਰ), 18 ਫਰਵਰੀ (ਪੱਤਰ ਪ੍ਰੇਰਕ) – 25 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜ ਰਹੇ ਗੱਠਜੋੜ ਉਮੀਦਵਾਰਾਂ ਨੂੰ ਪੰਜਾਬ ਵਾਸੀਆਂ ਵੱਲੋਂ ਤਮਾਮ ਸ਼ਹਿਰਾਂ ਵਿੱਚ ਭਾਰੀ ਜਿੱਤ ਦਿਵਾ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਦੀ ਕਰਾਈ ਗਈ ਸਰਵਪੱਖੀ ਵਿਕਾਸ ਅਤੇ ਭਾਈਚਾਰਕ ਮਜ਼ਬੂਤੀ ਦੇ ਹੱਕ ਵਿੱਚ ਇੱਕ ਵਾਰ ਫਿਰ ਫਤਵਾ ਦੇਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਵਿਖੇ ਹਲਕੇ ਦੀਆਂ ਸੰਗਤਾਂ ਵੱਲੋਂ ਸ: ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਰਖਾਏ ਗਏ 6 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਮੌਕੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਨੇ ਹਰੇਕ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਇਹ ਵਿਕਾਸ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨਾਲ ਕੇਵਲ ਵਾਅਦੇ ਨਹੀਂ ਕੀਤੇ, ਬਲਕਿ ਜੋ ਕਿਹਾ ਉਹ ਕਰਕੇ ਵਿਖਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲੇ ਲਗਭਗ 8 ਸਾਲ ਦੇ ਅਰਸੇ ਦੌਰਾਨ ਵਿਕਾਸ ਦੇ ਨਵੇਂ ਦਿਸਹੱਦੇ ਸਿਰਜਦਿਆਂ ਹਰ ਖੇਤਰ ਵਿੱਚ ਪੰਜਾਬ ਨੇ ਦੇਸ਼ ਦੀ ਅਗਵਾਈ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਆਪਣੀਆਂ ਵਿਲੱਖਣ ਨੀਤੀਆਂ ਸਦਕਾ ਕੌਮੀ ਅਤੇ ਕੌਮਾਂਤਰੀ ਪੂੰਜੀ ਨਿਵੇਸ਼ਕਾਂ ਨੂੰ ਕੀਤਾ ਆਕਰਸ਼ਿਤ ਕੀਤਾ ਹੈ।  ਸ: ਮਜੀਠੀਆ ਨੇ ਨਵਿਆਉਣ ਯੋਗ ਊਰਜਾ ਵਿਸ਼ਵ ਨਿਵੇਸ਼ਕ ਮਿਲਣੀ 2015 ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਉਕਤ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਾਲੇ ਰਾਜ ਅਵਾਰਡ ਨਾਲ ਸਨਮਾਨਿਤ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਮਰੀਕਾ, ਇੰਗਲੈਂਡ ਅਤੇ ਇਟਲੀ ਦੀਆਂ ਨਾਮੀ ਕੌਮਾਂਤਰੀ ਕੰਪਨੀਆਂ ਵੱਲੋਂ 13500 ਕਰੋੜ ਰੁਪਏ ਦੀ ਲਾਗਤ ਨਾਲ ਲਾਏ ਜਾਣ ਵਾਲੇ ਸੂਰਜੀ ਊਰਜਾ ਪ੍ਰਾਜੈਕਟਾਂ ਲਈ ਸਮਝੌਤਿਆਂ ‘ਤੇ ਸਹੀ ਪਾਏ ਜਾਣ ਨਾਲ ਪੰਜਾਬ ਦੀ ਅਹਿਮੀਅਤ ਅਤੇ ਵਿਕਾਸ ਦੇ ਡੰਕੇ ਵਿਸ਼ਵ ਪੱਧਰ ‘ਤੇ ਵੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦਾ ਉਤਪਾਦਨ ਵਧਾਉਣ ਲਈ ਜਿੱਥੇ ਤਾਪ ਬਿਜਲੀ ਘਰ ਲਗਾਏ ਗਏ ਹਨ, ਉੱਥੇ ਨਵਿਆਉਣ ਯੋਗ ਖੇਤਰ ਤੋਂ ਵੀ 4120 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ।ਸ: ਮਜੀਠੀਆ ਨੇ ਰਾਜ ਅੰਦਰ ਕਰਾਏ ਜਾ ਰਹੇ ਵਿਕਾਸ ਦੀ ਗਲ ਕਰਦਿਆਂ ਕਿਹਾ ਕਿ ਥਾਂ-ਥਾਂ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਅਤੇ ਹੁਣ ਵੱਡੀਆਂ ਸੜਕਾਂ ਨੂੰ ਚਾਰ ਤੋਂ ਛੇ ਮਾਰਗੀ ਕੀਤਾ ਜਾ ਰਿਹਾ ਹੈ। ਸਿਹਤ, ਸਿੱਖਿਆ ਅਤੇ ਖੇਡਾਂ ਦੇ ਖੇਤਰ ਤੋ ਇਲਾਵਾ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਦੇਣ ਲਈ ਹੰਭਲਾ ਮਾਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਇਸ ਨਾਲ ਰਾਜ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਨਿੱਘਰ ਸੋਚ ਸਦਕਾ ਹੀ ਪੰਜਾਬ ਵਿੱਚ ਭਾਈਚਾਰਕ ਸਾਂਝ ਹੋਰ ਪੀਡੀ ਹੋਈ ਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਵੋਟ ਦੀ ਵਰਤੋਂ ਕਰਨਗੇ, ਕਿਉਂਕਿ ਪੰਜਾਬ ਦੇ ਲੋਕ ‘ਜਿੰਨ ਲਾਈ ਗੱਲਂੀਂ, ਉਸ ਨਾਲ ਉੱਠ ਚੱਲੀ’ ਵਾਲੀ ਸੋਚ ਰੱਖਣ ਵਾਲੇ ਨਹੀਂ, ਬਲਕਿ ਪਾਰਟੀ ਦੇ ਉਮੀਦਵਾਰ ਨੂੰ ਪਰਖ ਕੇ ਵੋਟ ਪਾਉਣ ਦਾ ਫੈਸਲਾ ਲੈਂਦੇ ਹਨ। ਇਸ ਮੌਕੇ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ‘ਤੇ ਕਈ ਮਸਲਿਆਂ ਦੇ ਨਿਪਟਾਰੇ ਕੀਤੇ। ਉਹਨਾਂ ਗੁਰਦਵਾਰਾ ਸਾਹਿਬ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਚੰਡਾਲਾ, ਤਰਸੇਮ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਸਤੀਸ਼ ਕੁਮਾਰ , ਮਲੂਕ ਸਿੰਘ ਫਤੂਭੀਲ, ਜਗਦੇਵ ਸਿੰਘ ਬੱਗਾ, ਸ਼ੀਤਲ ਸਿੰਘ ਭੋਆ, ਜਸਪਾਲ ਸਿੰਘ ਭੋਆ, ਮੈਨੇਜਰ ਜਸਪਾਲ ਸਿੰਘ ਢੱਡੇ, ਪੱਪੂ ਜੈਂਤੀਪੁਰ ਤੇ ਪ੍ਰੋ ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply