Monday, April 6, 2026

ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੋਜ਼ਾਨਾ ਰੇਲ ਚਲਾਈ ਜਾਵੇ – ਪ੍ਰੋ. ਚੰਦੂਮਾਜਰਾ

Prem Singh Chandumajraਨਵੀਂ ਦਿੱਲੀ, 19 ਫ਼ਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ ਮਨਾਏ ਜਾ ਰਹੇ 350ਵੇਂ ਸਾਲ ਮੌਕੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੋਜ਼ਾਨਾ ਰੇਲ ਗੱਡੀ ਤੁਰਤ ਚਲਾਉਣ ਅਤੇ ਅਨੰਦਪੁਰ ਦੇ ਸਟੇਸ਼ਨ ਨੂੰ ਆਧੁਨਿਕ ਬਣਾਉਣ ਦੀ ਮੰਗ ਕੀਤੀ ਹੈ।
ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਇਥੇ ਇਕ ਮੁਲਾਕਾਤ ਦੌਰਾਨ ਆਪਣੇ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਦੇ ਰੇਲ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਦ ਵੀ ਦੇਸ਼ ਵਿਦੇਸ਼ ਤੋਂ ਹਰ ਸ਼ਰਧਾਲੂ ਅਨੰਦਪੁਰ ਸਾਹਿਬ ਜਾਂਦਾ ਹੈ ਤਾਂ ਉਸ ਦੀ ਗੋਲਡਨ ਟੈਂਪਲ ਅੰਮ੍ਰਿਤਸਰ ਜਾਣ ਦੀ ਵੀ ਆਸਥਾ ਬਣੀ ਹੋਈ ਹੈ।ਇਸ ਲਈ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਉਸ ਦੀ ਇਸ ਆਸਥਾ ਨੂੰ ਪ੍ਰਵਾਨ ਚੜ੍ਹਾਉਣ ਲਈ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਇਹ ਰੇਲ ਗੱਡੀ ਚਲਾਉਣੀ ਬਹੁਤ ਜ਼ਰੂਰੀ ਹੈ।ਇਸ ਨਾਲ ਦੋਨਾਂ ਪਵਿੱਤਰ ਸ਼ਹਿਰਾਂ ਦਰਮਿਆਨ ਰਿਲੀਜ਼ਸ ਟੂਰਿਜ਼ਮ ਤਾਂ ਵਧੇਗਾ ਹੀ ਸਗੋਂ ਸੜਕ ਰਸਤੇ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਵੀ ਰਾਹਤ ਮਿਲੇਗੀ।
ਉਨ੍ਹਾਂ ਰੇਲ ਮੰਤਰੀ ਕੋਲ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦ ਤਕ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਦਾ ਬਰਾਸਤਾ ਗੜ੍ਹਸ਼ੰਕਰ ਟਰੈਕ ਮੁਕੰਮਲ ਨਹੀਂ ਹੁੰਦਾ ਤਦ ਤਕ ਇਨ੍ਹਾਂ ਦੋਹਾਂ ਸ਼ਹਿਰਾਂ ਦਰਮਿਆਨ ਵਾਇਆ ਨਿਊ ਮੋਰਿੰਡਾ-ਲੁਧਿਆਣਾ ਟ੍ਰੇਨ ਤੁਰਤ ਚਲਾਈ ਜਾਵੇ। ਇਸ ਮੌਕੇ ਰੇਲਵੇ ਬੋਰਡ ਦੇ ਚੇਅਰਮੈਨ ਸਮੇਤ ਕਈ ਉਚ-ਅਧਿਕਾਰੀ ਮੌਜੂਦ ਸਨ।
ਪ੍ਰੋ. ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੀ ਵਿਸ਼ਵ ਪੱਧਰ ‘ਤੇ ਲੋਕਪ੍ਰਿਅਤਾ ਤੇ ਆਸਥਾ ਦਾ ਕੇਂਦਰ ਹੋਣ ਦੇ ਮੱਦੇਨਜ਼ਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਇਸ ਦਾ ਪਲੇਟਫਾਰਮ ਡਬਲ ਕਰਨ, ਸਟੇਸ਼ਨ ਨੂੰ ਸੁੰਦਰ ਕਰਨ ਤੇ ਨੰਗਲ ਦੇ ਰੇਲਵੇ ਯਾਰਡ ਨੂੰ ਵੀ ਵਿਕਸਿਤ ਕਰਨ ਲਈ ਤਜ਼ਵੀਜਾਂ ਰੱਖੀਆਂ।
ਪ੍ਰੋ. ਚੰਦੂ ਮਾਜਰਾ ਨੇ ਅਨੰਦਪੁਰ ਤੋਂ ਅੰਮ੍ਰਿਤਸਰ ਵਾਇਆ ਗੜ੍ਹਸ਼ੰਕਰ ਰੇਲਵੇ ਟਰੈਕ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਰਾਜਪੁਰੇ ਤਕ ਦੇ 20 ਕਿਲੋਮੀਟਰ ਟਰੈਕ ਨਾਲ ਗੰਗਾ ਨਗਰ ਤੱਕ ਦੇ 300 ਕਿਲੋਮੀਟਰ ਟਰੈਕ ਨਾਲ ਸੰਪਰਕ ਬਣ ਜਾਵੇਗਾ। ਇਸੇ ਤਰ੍ਹਾਂ ਰਾਹੋਂ ਤੋਂ ਖੰਨਾ ਮਹਿਜ਼ 25 ਕਿਲੋਮੀਟਰ ਅਤੇ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਮਸਾਂ 30 ਕਿਲੋਮੀਟਰ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ 1000 ਕਿਲੋਮੀਟਰ ਦੇ ਰੇਲ ਟਰੈਕ ਨਾਲ ਸੰਪਰਕ ਜੁੜੇਗਾ।ਇਸ ਤੋਂ ਇਲਾਵਾ ਸਰਹਿੰਦ ਤੇ ਸਰਾਏ ਵਣਜਾਰਾ ਦੇ ਦੋ ਫਲਾਈ ਓਵਰ, ਪਰਿਵਾਰ ਵਿਛੋੜਾ ਕੋਲ ਅੰਡਰ ਬ੍ਰਿਜ ਬਣਾਏ ਜਾਣ ਦੀ ਵੀ ਮੰਗ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply