
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਘੁਮਾਣ ਵਿਚ ਹੋਣ ਜਾ ਰਹੇ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਸੰਬੰਧ ਵਿਚ ਹਜ਼ੂਰ ਸਾਹਿਬ ਨਾਦੇੜ ਤੋਂ ਨਾਨਕ ਸਾਈਂ ਫਾਊਂਡੇਸ਼ਨ ਦੀ ਅਗਵਾਈ ਵਿਚ ਹਜ਼ੂਰ ਸਾਹਿਬ ਤੋਂ ਘੁਮਾਣ ਤੱਕ ਭਗਤ ਨਾਮਦੇਵ ਯਾਤਰਾ 31 ਮਾਰਚ 2015 ਦੇ ਨੂੰ ਆਰੰਭ ਹੋਵੇਗੀ। ਇਹ ਜਾਣਕਾਰੀ ਨਾਨਕ ਸਾਈਂ ਫਾਊਂਡੇਸ਼ਨ ਦੇ ਚੇਅਰਮੈਨ ਪੰਡਰੀਨਾਥ ਬੋਕਾਰੇ ਨੇ ਦਿੱਤੀ। ਅਖਿਲ ਭਾਰਤੀ ਮਰਾਠੀ ਸਾਹਿਤ ਮਹਾਂ ਮੰਡਲ ਪੂਨੇ ਵੱਲੋਂ ਘੁਮਾਣ ਵਿਚ ਇਹ ਮਰਾਠੀ ਸਾਹਿਤ ਸੰਮੇਲਨ 3, 4, 5 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ।ਇਸ ਸਾਹਿਤ ਸੰਮੇਲਨ ਦੇ ਸਬੰਧ ਵਿਚ ਮਹਾਰਾਸ਼ਟਰ ਤੋਂ ਯਾਤਰਾ ਕੱਢੀ ਜਾਵੇਗੀ।ਹਜ਼ੂਰ ਸਾਹਿਬ ਨਾਦੇੜ ਤੋਂ ਸ਼ੁਰੂ ਹੋਣ ਵਾਲੀ ਗ੍ਰੰਥ ਯਾਤਰਾ 31 ਮਾਰਚ ਨੂੰ ਸ਼ੁਰੂ ਹੋ ਕੇ 1 ਅਪ੍ਰੈਲ ਨੂੰ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਘੁਮਾਣ ਤੱਕ 3 ਅਪ੍ਰੈਲ ਨੂੰ ਯਾਤਰਾ ਦਾ ਪ੍ਰੋਗਰਾਮ ਹੋਵੇਗਾ।ਯਾਤਰਾ ਵਿੱਚ ਲਗਭਗ 300 ਸਾਹਿਤਕ ਅਤੇ ਸਾਹਿਤ ਪ੍ਰੇਮੀ ਅਤੇ ਪੱਤਰਕਾਰ ਸ਼ਾਮਲ ਹੋਣਗੇ।ਜ਼ਿਕਰਯੋਗ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਦਾ ਅਧਿਆਤਮਕ ਅਤੇ ਸਮਾਜਿਕ ਭਾਈਚਾਰਾ ਇਸ ਸਾਹਿਤ ਸੰਮੇਲਨ ਨਾਲ ਮਜ਼ਬੂਤ ਹੋਵੇਗਾ।ਇਸੇ ਉਦੇਸ਼ ਨੂੰ ਲੈ ਕੇ ਨਾਨਕ ਸਾਈਂ ਫਾਊਂਡੇਸ਼ਨ ਨੇ ਗ੍ਰੰਥ ਯਾਤਰਾ ਦਾ ਆਯੋਜਨ ਕੀਤਾ ਹੈ। ਪੰਜਾਬ ਵਿਚ ਇਸ ਯਾਤਰਾ ਦਾ ਵੱਡੇ ਪੱਧਰ ‘ਤੇ ਸਵਾਗਤ ਕੀਤਾ ਜਾਵੇਗਾ। ਨਾਨਕ ਸਾਈਂ ਫਾਊਂਡੇਸ਼ਨ ਸੰਸਥਾ ਪਿਛਲੇ 11 ਸਾਲਾਂ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ਼ਿਰਡੀ ਦੇ ਸਾਈਂ ਬਾਬਾ ਸੰਸਥਾਨ ਸਬੰਧ ਵਿਚ ਦੇਸ਼-ਵਿਦੇਸ਼ ਅਤੇ ਪੰਜਾਬ ਤੋਂ ਆਏ ਸ਼ਰਧਾਲੂਆਂ, ਸੈਲਾਨੀਆਂ ਨੂੰ ਆਪਣੀਆਂ ਸੇਵਾ ਸਹੂਲਤਾਂ ਪ੍ਰਦਾਨ ਕਰਦੀ ਹੈ।ਸੰਸਥਾ ਵੱਲੋਂ ਮਾਨਵੀ ਦ੍ਰਿਸ਼ਟੀਕੋਣ, ਸਮਾਜਿਕ ਸਦਭਾਵਨਾ ਰਾਸ਼ਟਰੀ ਏੇਕਤਾ ਨੂੰ ਪਹਿਲ ਦਿੰਦੇ ਹੋਏ ਸਮਾਜਿਕ ਜਨ ਚੇਤਨਾ ਸੰਬੰਧੀ ਸੰਸਥਾ ਖੂਨਦਾਨ ਕੈਂਪ, ਨਸ਼ਾ ਮੁਕਤੀ ਅਭਿਆਨ, ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਕੈਂਪ, ਭਰੂਣ ਹੱਤਿਆ ਰੋਕੋ, ਨਾਬਾਲਗ ਵਿਆਹ ਆਦਿ ਹਮੇਸ਼ਾ ਸਮਰਪਿਤ ਭਾਵਨਾਵਾਂ ਨਾਲ ਸੇਵਾਵਾਂ ਪ੍ਰਦਾਨ ਕਰਦੀ ਹੈ।ਨਾਨਕ ਸਾਈਂ ਫਾਊਂਡੇਸ਼ਨ ਵਲੋਂ ਲਗਾਤਾਰ ਦੋ ਸਾਲਾਂ ਤੋਂ ਧਾਰਮਿਕ, ਸਮਾਜਿਕ, ਸਭਿਆਚਾਰਕ ਪੱਤਰਕਾਰਤਾ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਪ੍ਰਦਾਨ ਕਰਨ ਵਾਲੇ ਮਹਾਂਪੁਰਸ਼ ਨੂੰ ਭਗਤ ਨਾਮਦੇਵ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
ਹਜ਼ੂਰ ਸਾਹਿਬ/ਘੁਮਾਣ ਗ੍ਰੰਥ ਯਾਤਰਾ ਦੀ ਰਵਾਨਗੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਨਾਦੇੜ ਦੇ ਸਾਂਸਦ ਸ਼੍ਰੀ ਅਸ਼ੋਕ ਰਾਓ ਚੋਹਾਨ ਦੇ ਕਰ ਕਮਲਾਂ ਦੁਆਰਾ ਕੀਤੀ ਜਾਵੇਗੀ।ਸੱਚਖੰਡ ਸਾਹਿਬ ਵਿਚ ਅਰਦਾਸ ਕਰਨ ਤੋਂ ਬਾਅਦ ਯਾਤਰਾ ਸ਼ੁਰੂ ਹੋਵੇਗੀ।ਯਾਤਰਾ ਨੂੰ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਸਨਤਾਮ ਸਿੰਘ ਪਿੱਪਲੀ ਸਾਹਿਬ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਸੰਤ ਬਾਬਾ ਗੁਰਪਿੰਦਰ ਸਿੰਘ ਸਤਲਾਨੀ ਸਾਹਿਬ ਆਦਿ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਹੈ। ਨਾਨਕ ਸਾਈਂ ਫਾਊਂਡੇਸ਼ਨ ਵਲੋਂ ਆਯੋਜਿਤ ਗ੍ਰੰਥ ਯਾਤਰਾ ਸਫ਼ਲ ਬਣਾਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਸ. ਐਸ.ਪੀ ਸਿੰਘ ਓਬਰਾਏ, ਸ. ਜੱਸਾ ਸਿੰਘ ਸੰਧੂ, ਨਾਨਕ ਸਾਈਂ ਦੇ ਚੀਫ ਪੈਟਰਨ ਸ. ਰੁਪਿੰਦਰ ਸਿੰਘ ਸ਼ਾਮਪੁਰਾ, ਬਾਬਾ ਨਾਮਦੇਵ ਇੰਟਰਨੈਸ਼ਨਲ ਫਾਊਂਡੇਸ਼ਨੇ ਪ੍ਰਧਾਨ ਸ. ਸੁਖਮਿੰਦਰ ਪਾਲ ਸਿੰਘ, ਸ. ਹਰਮੀਤ ਸਿੰਘ ਸਲੂਜਾ, ਸ. ਚਰਨਜੀਤ ਸਿੰਘ ਅਰੋੜਾ, ਬਲਜਿੰਦਰ ਸਿੰਘ ਪਨੇਸਰ, ਸ. ਰਾਜਾ ਸਿੰਘ ਖੁੱਲ੍ਹਰ ਆਦਿ ਆਪਣਾ ਯੋਗਦਾਨ ਪ੍ਰਦਾਨ ਕਰ ਰਹੇ ਹਨ।
Punjab Post Daily Online Newspaper & Print Media