ਦਿੱਲੀ ਸਟੇਟ ਦੇ ਪ੍ਰਧਾਨ ਵਜੋਂ ਵੀ ਗਤਕੇ ਨੂੰ ਉਤਸ਼ਾਹਿਤ ਕਰਨ ਲਈ ਕਰਨਗੇ ਯਤਨ
ਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁਖੀ ਪਰਮਜੀਤ ਸਿੰਘ ਰਾਣਾ ਨੂੰ ਅੱਜ ਐਸ਼ਿਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ. ਸਿੰਘ ਓਬਰਾਏ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁਲੱਰ ਵੱਲੋਂ ਰਾਣਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਫੈਡਰੇਸ਼ਨ ‘ਚ ਕ੍ਰਮਵਾਰ ਮੀਤ ਪ੍ਰਧਾਨ ਅਤੇ ਦਿੱਲੀ ਇਕਾਈ ਪ੍ਰਧਾਨ ਬਨਾਇਆ ਗਿਆ ਹੈ।ਇਸ ਬਾਬਤ ਦਿੱਲੀ ਕਮੇਟੀ ਦਫਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਓਬਰਾਏ ਵੱਲੋਂ ਰਾਣਾ ਨੂੰ ਦੋਹਾਂ ਫੈਡਰੇਸ਼ਨਾਂ ਵੱਲੋਂ ਸਾਂਝੇ ਤੋੌਰ ਤੇ ਨਿਯੂਕਤੀ ਪੱਤਰ ਸੌਂਪੇ ਗਏ।
ਉੱਘੇ ਸਮਾਜਸੇਵੀ ਓਬਰਾਏ ਨੇ ਗਤਕੇ ਨੂੰ ਓਲੰਪਿਕ ਖੇਡਾਂ ‘ਚ ਲੈ ਕੇ ਜਾਣ ਦੇ ਆਪਣੇ ਟੀਚੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਗਤਕਾ ਸਿੱਖ ਕੌਮ ਦੇ ਨਿਵੇਕਲੀ ਊਰਜਾ ਅਤੇ ਹਿਮਤ ਦਾ ਪ੍ਰਤੀਕ ਨਾ ਹੋ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵੀ ਜ਼ਰੀਆ ਬਣ ਗਿਆ ਹੈ। ਇਸੇ ਕੜੀ ‘ਚ ਉਨ੍ਹਾਂ ਨੇ ਪੰਜਾਬੀ ਯੁਨਿਵਰਸਿਟੀ ਪਟਿਆਲਾ ਵੱਲੋਂ ਇਕ ਸਾਲ ਦੇ ਗਤਕਾ ਟ੍ਰੇਨਿੰਗ ਦੇ ਸ਼ੁਰੂ ਕੀਤੇ ਗਏ ਡਿਪਲੋਮਾਂ ਕੋਰਸਾਂ ਦਾ ਵੀ ਜ਼ਿਕਰ ਕੀਤਾ।ਭੱਵਿਖ ‘ਚ ਫੈਡਰੇਸ਼ਨ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਗੱਲ ਕਰਦੇ ਹੋਏ ਓਬਰਾਏ ਨੇ ਕਿਹਾ ਕਿ ਵਿਰਸਾ ਸੰਭਾਲਣ ਵਾਸਤੇ ਵੱਡੇ ਪੱਧਰ ਤੇ ਗਤਕੇ ਦੇ ਕੋਚ ਅਤੇ ਰੈਫਰੀ ਤਿਆਰ ਫੈਡਰੇਸ਼ਨ ਵੇਲ੍ਹੇ 14 ਦੇਸ਼ਾਂ ਅਤੇ ਦੇਸ਼ ਦੇ 18 ਸੁਬਿਆਂ ‘ਚ ਆਪਣੀ ਬਣਤਰ ਬਣਾਕੇ ਕੀਤੇ ਜਾ ਰਹੇ ਹਨ ਤੇ ਸਾਡਾ ਅਗਲਾ ਟੀਚਾ 2017 ‘ਚ ਅਮਰੀਕਾ ਜਾਂ ਕੇਨੈਡਾ ਵਿਖੇ ਗਤਕੇ ਦਾ ਵਰਲਡ ਕੱਪ ਕਰਵਾਉਣ ਦਾ ਹੈ। ਜਿਸ ਲਈ ਨਿਊਯਾਰਕ ਵਿਖੇ 22 ਫਰਵਰੀ 2015 ਨੂੰ ਸਿਖਲਾਈ ਸੈਂਟਰ ਸ਼ੂਰੂ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਵੀ ਉਨ੍ਹਾਂ ਨੇ ਜਿਲ੍ਹਾ ਪੱਧਰ ਤੋਂ ਪਿੰਡਾ ਤੱਕ ਫੈਡਰੇਸ਼ਨ ਦਾ ਢਾਂਚਾ ਲੈ ਜਾਉਣ ਦੀ ਵੀ ਉਨ੍ਹਾਂ ਨੇ ਗੱਲ ਕਹੀ।
ਰਾਣਾ ਨੇ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਏਸ਼ੀਆ ਫੈਡਰੇਸ਼ਨ ਦੇ ਓਬਰਾਏ, ਇੰਡੀਆ ਫੈਡਰੇਸ਼ਨ ਦੇ ਭੁਲੱਰ ਅਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦਾ ਇਸ ਮੌਕੇ ਇਸ ਵੱਕਾਰੀ ਸੇਵਾ ਨੂੰ ਸੌਂਪਣ ਵਾਸਤੇ ਧੰਨਵਾਦ ਕੀਤਾ। ਰਾਣਾ ਨੇ ਭਰੋਸਾ ਦਿਵਾਇਆ ਕਿ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਰਾਹੀਂ ਬੱਚਿਆਂ ਅਤੇ ਬੀਬੀਆਂ ਨੂੰ ਗਤਕੇ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲਿਆਂ ‘ਚ ਹੋਰ ਤੇਜ਼ੀ ਲਿਆਈ ਜਾਵੇਗੀ ਤਾਂਕਿ ਨਵੀਂ ਪਨੀਰੀ ਗਤਕੇ ਦੇ ਨਾਲ ਜੁੜ ਸਕੇ। ਦਿੱਲੀ ਕਮੇਟੀ ਦੇ ਸਹਿਯੋਗ ਨਾਲ 5-6 ਮਹੀਨਿਆ ਬਾਅਦ ਦਿੱਲੀ ਸਟੇਟ ਗਤਕਾ ਕੰਪੀਟੀਸ਼ਨ ਕਰਾਉਣ ਦਾ ਵੀ ਰਾਣਾ ਨੇ ਐਲਾਨ ਕੀਤਾ। ਦਿੱਲੀ ਵਿਖੇ ਫੈਡਰੇਸ਼ਨ ਦੀ ਬਣਤਰ ਬਨਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਰਾਣਾ ਨੇ ਦਿੱਲੀ ਵਿਖੇ 5 ਜ਼ੋਨਾਂ ਦੇ ਜਥੇਦਾਰ ਬਣਾਕੇ ਵੱਧ ਤੋਂ ਵੱਧ ਗਤਕਾ ਪ੍ਰੇਮੀਆਂ ਨੂੰ ਇਸ ਬਣਤਰ ‘ਚ ਸ਼ਾਮਿਲ ਕਰਨ ਦਾ ਵੀ ਇਸ਼ਾਰਾ ਕੀਤਾ।