Friday, September 11, 2026

ਬਟਾਲਾ ਨੂੰ ਤਰਸਯੋਗ ਹਾਲਤ ‘ਚੋਂ ਕੱਢਣ ਲਈ ਅਕਾਲੀ ਦਲ ਦਾ ਸਾਥ ਦਿਓ – ਲੋਧੀਨੰਗਲ

Lodhi Nangal1
ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਨਿਵਾਸੀ ਜੇਕਰ ਸ਼ਹਿਰ ‘ਚ ਥਾਂ-ਥਾਂ ਖੜ੍ਹੇ ਗੰਦੇ ਪਾਣੀ, ਖਸਤਾ ਹਾਲ ਸੀਵਰੇਜ, ਪੀਣ ਲਈ ਮਿਲ ਰਹੇ ਦੂਸ਼ਿਤ ਪਾਣੀ, ਟੁੱਟੀਆਂ ਗਲੀਆਂ-ਨਾਲੀਆਂ, ਟੁੱਟੀਆਂ ਸੜਕਾਂ ਅਤੇ ਕੂੜੇ ਦੇ ਢੇਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਇੱਕ ਵਾਰ ਨਗਰ ਕੌਂਸਲ ਬਟਾਲਾ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਜਰੂਰ ਦੇਣ ਤਾਂ ਜੋ ਦਹਾਕਿਆਂ ਤੋਂ ਪਈ ਗੰਦਗੀ ਨੂੰ ਸਾਫ ਕਰਕੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਅਧਾਰ ‘ਤੇ ਮਹੁੱਈਆ ਕਰਾਈਆਂ ਜਾ ਸਕਣ। ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਬਟਾਲਾ ਦੀ ਤਰਸਯੋਗ ਹਾਲਤ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿੰਮੇਵਾਰ ਹੈ, ਜਿਨ੍ਹਾਂ ਦੇ ਹੱਥ ‘ਚ 65 ਸਾਲ ਨਗਰ ਕੌਂਸਲ ਬਟਾਲਾ ਦੀ ਵਾਗਡੋਰ ਰਹੀ ਹੈ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਚੋਣਾਂ ਦੌਰਾਨ ਇੱਕ ਵਾਰ ਫਿਰ ਕਾਂਗਰਸ ਅਤੇ ਭਾਜਪਾ ਦੇ ਆਗੂ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਸ਼ਹਿਰ ਦਾ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਇਸ ਅਰਸੇ ਦੌਰਾਨ ਸ਼ਹਿਰ ‘ਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ, ਨਾ ਕੋਈ ਨਜ਼ਾਇਜ ਪਰਚਾ ਹੋਇਆ ਅਤੇ ਨਾ ਹੀ ਕਿਤੇ  ਨਜ਼ਾਇਜ ਕਬਜਾ ਹੋਣ ਦਿੱਤਾ ਹੈ। ਬਟਾਲਾ ਸ਼ਹਿਰ ‘ਚ ਗੁੰਡਾਗਰਦੀ ਨੂੰ ਨੱਥ ਪਾਈ ਹੈ ਅਤੇ ਹਮੇਸ਼ਾਂ ਹੀ ਲੋੜਵੰਦ ਤੇ ਗਰੀਬਾਂ ਦੀ ਮਦਦ ਕਰਨ ਦੇ ਨਾਲ ਹਰ ਤਰਾਂ ਦੀ ਧੱਕੇਸ਼ਾਹੀ ਨੂੰ ਖਤਮ ਕੀਤਾ ਹੈ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਸ਼ਹਿਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਟਾਲਾ ਸ਼ਹਿਰ ਦੀ ਤਰਸਯੋਗ ਹਾਲਤ ਨੂੰ ਬਦਲਣ, ਹਰ ਘਰ ਵਿੱਚ ਪੀਣ ਲਈ ਸਾਫ ਤੇ ਸ਼ੁੱਧ ਪਾਣੀ, ਵਧੀਆ ਸੀਵਰੇਜ ਸਹੂਲਤ, ਸੜਕਾਂ, ਗਲੀਆਂ, ਨਾਲੀਆਂ ਤੇ ਕੂੜੇ ਦੇ ਢੇਰਾਂ ਤੋਂ ਨਿਯਾਤ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ। ਸ. ਲੋਧੀਨੰਗਲ ਨੇ ਕਿਹਾ ਕਿ ਸ਼ਹਿਰ ਵਾਸੀ ਕੇਵਲ ਇੱਕ ਵਾਰ ਉਨ੍ਹਾਂ ਨੂੰ ਮੌਕਾ ਜਰੂਰ ਦੇਣ ਅਤੇ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਲੋਕਾਂ ਦੀਆਂ ਆਸਾਂ ਤੇ ਹਰ ਹੀਲੇ ਪੂਰਿਆਂ ਉਤਰਿਆ ਜਾਵੇਗਾ। ਸ. ਲੋਧੀਨੰਗਲ ਨੇ ਕਿਹਾ ਕਿ ਜੇਕਰ ਜਿੱਤ ਉਪਰੰਤ ਉਨ੍ਹਾਂ ਨੇ ਬਟਾਲਾ ਸ਼ਹਿਰ ਦੀ ਨੁਹਾਰ ਨਾ ਬਦਲੀ ਤਾਂ ਉਹ ਫਿਰ ਦੁਬਾਰਾ ਲੋਕਾਂ ਕੋਲ ਵੋਟਾਂ ਮੰਗਣ ਨਹੀਂ ਜਾਣਗੇ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply