ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਕੱਲ੍ਹ 25 ਫਰਵਰੀ 2015 ਨੂੰ ਨਗਲ ਕੋਸਲ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਸਮੇਂ ਵਿਚ ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਚੋਣ ਨਤੀਜਿਆਂ ਦਾ ਐਲਾਨ ਵੀ ਵੋਟਾਂ ਵਾਲੇ ਦਿਨ 25 ਫਰਵਰੀ ਸ਼ਾਮ ਨੂੰ ਹੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਹਾ ਅੱਜ ਪੋਲਿੰਗ ਪਾਰਟੀਆਂ ਨੂੰ ਈ.ਵੀ.ਐੱਮ. ਮਸ਼ੀਨਾਂ ਤੇ ਹੋਰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਚੋਣ ਅਮਲ ਲਈ ਕਰੀਬ 600 ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 500 ਸੁਰੱਖਿਆ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਹਨ ਤੇ ਸਮੁੱਚਾ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਭੈਅ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਅਤੇ ਆਪਣੀ ਮਨਪਸੰਦ ਦੇ ਉਮੀਦਵਾਰਾਂ ਦੀ ਚੋਣ ਕਰਨ। ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਲੋਕ ਡਬਲ ਵੋਟ ਦਾ ਇਸਤੇਮਾਲ ਨਾਲ ਕਰਨ।ਜੋ ਲੋਕ ਡਬਲ ਵੋਟ ਦਾ ਇਸਤੇਮਾਲ ਕਰਨਗੇ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜ ਨਗਰ ਕੋਸਲਾਂ ਲਈ ਕੁਲ 67 ਵਾਰਡ ਹਨ, ਜਿਨਾਂ ਲਈ 44 ਪੋਲਿੰਗ ਸਟੇਸ਼ਨ ਤੇ 75 ਪੋਲਿੰਗ ਬੂਥ ਬਣਾਏ ਗਏ ਹਨ। ਕੁੱਲ 208 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਤਿੰਨ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ ਹਨ। ਇਹ ਤਿੰਨ ਉਮੀਦਵਾਰ ਮਜੀਠਾ ਹਲਕੇ ਵਿਚੋਂ ਵਾਰਡ ਨੰਬਰ 1 ਅਤੇ ਅਜਨਾਲਾ ਤੋਂ ਵਾਰਡ ਨੰਬਰ 8 ਤੇ 14 ਤੋਂ ਚੁਣੇ ਗਏ ਹਨ।
ਅਜਨਾਲਾ ਦੇ ਕੁੱਲ 15 ਵਾਰਡ ਹਨ ਤੇ ਓਥੇੇ ਕੁਲ ਬੂਥ 15 ਹਨ, ਰਮਦਾਸ ਦੇ ਕੁਲ ਵਾਰਡ 11 ਹਨ ਤੇ ਬੂਥ ਵੀ 11 ਹਨ, ਮਜੀਠਾ ਦੇ ਕੁੱਲ ਵਾਰਡ 13 ਤੇ ਬੂਥ ਵੀ 13 ਹਨ, ਜੰਡਿਆਲਾ ਗੁਰੂ ਦੇ ਕੁਲ ਵਾਰਡ 15 ਹਨ ਅਤੇ ਬੂਥ 23 ਹਨ ਅਤੇ ਰਈਆ ਦੇ ਕੁਲ ਵਾਰਡ 13 ਤੇ ਬੂਥ 13 ਹਨ। ਚੋਣ ਲਈ ਕੁਲ 3 ਰਿਟਰਨਿੰਗ ਅਫਸਰ ਤੇ 5 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।
Punjab Post Daily Online Newspaper & Print Media