
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਜ਼ਮੀਨਾਂ ਅਤੇ ਹੋਰ ਜਾਇਦਾਦਾਂ ਵੇਚ ਕੇ ਇਹ ਕਹਿਣਾ ਕਿ ਅਸੀਂ ਕਰਵਾਇਆ ਹੈ, ਇਹ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ, ਪਿਛਲੇ 8 ਸਾਲਾਂ ਵਿਚ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਨੇ ਫ਼ਾਜ਼ਿਲਕਾ ਨਗਰ ਕੌਂਸਲ ਦੀ ਖੇਤੀ ਯੋਗ ਅਤੇ ਸ਼ਹਿਰੀ ਬਹੁ ਕੀਮਤੀ ਜ਼ਮੀਨਾਂ ਵੇਚੀਆਂ ਹਨ ਅਤੇ ਹੁਣ ਲੋਕਾਂ ਤੋਂ ਨਗਰ ਕੌਂਸਲ ਚੋਣਾਂ ਵਿਚ ਵੋਟਾਂ ਲੈਣ ਲਈ ਉਸ ਨੂੰ ਵਿਕਾਸ ਦਸ ਰਹੇ ਹਨ, ਇਹ ਸ਼ਬਦ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਟਿਉਬਵੈਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਡਾ. ਮਹਿੰਦਰ ਕੁਮਾਰ ਰਿਣਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ 1992 ਵਿਚ ਪਹਿਲੀ ਵਾਰ ਫ਼ਾਜ਼ਿਲਕਾ ਅੰਦਰ ਪੁੱਡਾ ਦੇ ਸਹਿਯੋਗ ਨਾਲ ਸੀਵਰੇਜ ਸਿਸਟਮ ਸ਼ੁਰੂ ਹੋਇਆ ਅਤੇ ਫ਼ਾਜ਼ਿਲਕਾ ਸ਼ਹਿਰ ਦੀ ਕੋਈ ਅਜਿਹੀ ਗਲੀ ਵਾਂਝੀ ਨਹੀ ਰਹੀ, ਜਿੱਥੇ ਸੀਵਰੇਜ ਨਹੀ ਪਵਾਇਆ ਗਿਆ। ਇੱਥੋਂ ਤੱਕ ਕਿ ਰੇਲਵੇ ਕਰਾਸਿੰਗ ਦੀ ਮਨਜ਼ੂਰੀ ਲੈ ਕੇ ਸਿਵਲ ਲਾਈਨ ਇਲਾਕੇ ਅੰਦਰ ਵੀ ਸੀਵਰੇਜ ਪਾਈਪ ਪਹੁੰਚਾਈ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੋਈ ਗਲੀ ਮੁਹੱਲਾ ਵਿਕਾਸ ਪੱਖੋਂ ਸੱਖਣਾ ਨਹੀ ਛੱਡਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਜੋ ਜਾਇਦਾਦ ਹੈ, ਉਹ ਲੋਕਾਂ ਦੀ ਜਾਇਦਾਦ ਹੈ, ਉਸ ਨੂੰ ਵੇਚ ਕੇ ਆਪਣੇ ਚਹੇਤਿਆਂ ਨੂੰ ਠੇਕੇ ਦੇ ਕੇ ਭਾਜਪਾ ਆਗੂਆਂ ਨੇ ਕਰੋੜਾਂ ਰੁਪਏ ਕਮਾਏ ਹਨ, ਸਮਾਂ ਆਉਣ ‘ਤੇ ਇਸ ਦੀ ਜਾਂਚ ਕਰਵਾ ਕੇ ਇਨ੍ਹਾਂ ਨੂੰ ਲੋਕਾਂ ਸਾਹਮਣੇ ਨੰਗਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਰੋਡ, ਰਾਧਾ ਸੁਆਮੀ ਕਾਲੋਨੀ ਅਤੇ ਡੈਡ ਹਾਊਸ ਰੋਡ ਨੂੰ ਮਿਲਾਉਂਦੀਆਂ ਸੜਕਾਂ ਮੰਡੀ ਬੋਰਡ ਅਧੀਨ ਲਿਆ ਕੇ ਪੱਕੀਆਂ ਕਰਵਾਈਆਂ ਸਨ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੱਲ ਰਿਹਾ ਹੈ, ਉਹ ਵੀ ਪਿਛਲੀ ਕਾਂਗਰਸ ਸਰਕਾਰ ਸਮੇਂ ਬਣਿਆ ਅਤੇ ਭਾਜਪਾ ਆਗੂ ਇਸ ਦਾ ਕੰਮ ਰੁਕਵਾਉਣ ਲਈ ਹੱਥਕੰਡੇ ਵਰਤਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਆਗੂ ਸਤਾ ਦਾ ਦੁਰਉਪਯੋਗ ਕਰਕੇ ਲੋਕਾਂ, ਸਰਕਾਰੀ ਮੁਲਾਜ਼ਮਾਂ ਨੂੰ ਵੋਟਾਂ ਲਈ ਧਮਕਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ 25 ਤਰੀਕ ਨੂੰ ਸ਼ਹਿਰ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵੋਟਾਂ ਪਾਉਣਗੇ। ਇਸ ਮੌਕੇ ‘ਤੇ ਉਨ੍ਹਾਂ ਨਾਲ ਕ੍ਰਿਸ਼ਨ ਕੁਮਾਰ ਸ਼ਰਮਾ ਸਾਬਕਾ ਮੈਂਬਰ ਨਗਰ ਸੁਧਾਰ ਟਰੱਸਟ, ਯੂਥ ਕਾਂਗਰਸੀ ਆਗੂ ਸਤਿਆਜੀਤ ਝੀਝਾ, ਰਣਬੀਰ ਸਿੰਘ ਟਿੱਲਾ ਵਾਲੀ, ਸੰਦੀਪ ਧੂੜੀਆਂ, ਕਾਲੂ ਢਾਕਾ, ਦਰਸ਼ਨ ਸਿੰਘ ਸੈਣੀਆਂ ਆਦਿ ਉਨ੍ਹਾਂ ਦੇ ਨਾਲ ਹਾਜ਼ਰ ਸਨ।
Punjab Post Daily Online Newspaper & Print Media