ਸਕਿਲ ਡਿਵਲਪਮੈਂਟ ਤਹਿਤ ਮਜੀਠਾ ਤੇ ਜੰਡਿਆਲਾ ਗੁਰੂ ਦਾ ਕੀਤਾ ਦੌਰਾ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਖੇਤੀਬਾੜੀ ਕਿੱਤੇ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਕਿੱਤਿਆਂ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ ਅਤੇ ਲੋਕਾਂ ਨੂੰ ਸਹਾਇਕ ਕਿੱਤਿਆਂ ਵੱਲ ਉਤਸ਼ਾਹਿਤ ਕਰਨ ਲਈ ਸਕਿਲ ਡਿਵਲਪਮੈਂਟ ਤੇ ਵਿਸ਼ੇਸ ਜੋਰ ਦੇ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਲੋਕਾਂ ਨੂੰ ਸਕਿਲ ਡਿਵਲਪਮੈਂਟ ਤਹਿਤ ਹੁਨਰਮੰਦ ਬਣਾਉਣ ਅਤੇ ਸਹਾਇਕ ਕਿੱਤਿਆਂ ਵੱਲ ਉਤਸ਼ਾਹਿਤ ਕਰਨ ਲਈ ਅੱਜ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਵਲੋੋਂ ਮਜੀਠਾ ਤੇ ਜੰਡਿਆਲਾ ਗੁਰੂ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਡੇਅਰੀ ਫਾਰਮਿੰਗ ਅਤੇ ਮੱਛੀ ਪਾਲਣ ਕਿੱੱਤਿਆਂ ਨਾਲ ਸਬੰਧਿਤ ਸਫਲ ਕਿਸਾਨਾਂ ਨਾਲ ਇਨਾਂ ਕਿੱਤਿਆਂ ਸਬੰਧੀ ਜਾਣਕਾਰੀ ਲੈਣ ਅਤੇ ਇਸ ਕਿੱਤੇ ਨੂੰ ਹੋਰ ਜ਼ਿਆਦਾ ਪ੍ਰਫੁਲਿਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪਿੰਡ ਨਾਗ ਕਲਾਂ (ਮਜੀਠਾ) ਵਿਖੇ ਡੇਅਰੀ ਫਾਰਮਿੰਗ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਵੀ ਭਗਤ ਨੇ ਕਿਹਾ ਕਿ ਉਨਾਂ ਦਾ ਅੱਜ ਇਥੇ ਆਉਣ ਦਾ ਮਕਸਦ ਇਹੀ ਹੈ ਕਿ ਉਹ ਇਸ ਕਿੱਤੇ ਨੂੰ ਹੋਰ ਸਫਲ ਬਣਾਉਣ ਲਈ ਆਪਣੇ ਸੁਝਾਅ ਦੱਸਣ ਅਤੇ ਕਿੱਤੇ ਨਾਲ ਸਬੰਧਿਤ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਮਨਸ਼ਾ ਹੈ ਕਿ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਸਬੰਧਿਤ ਖੇਤਰ ਦੇ ਲੋਕਾਂ ਨੂੰ ਇਸ ਸਬੰਧੀ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਸਕਿਲ ਡਿਵਲਪਮੈਂਟ ਤਹਿਤ ਉਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਹਰ ਪ੍ਰਕਾਰ ਦੀ ਸਹਾਇਤਾ ਲਈ ਯਤਨਸ਼ੀਲ ਹੈ। ਇਸ ਮੌਕੇ ਸਬੰਧਿਤ ਕਿਸਾਨਾਂ ਨੇ ਡੇਅਰੀ ਫਾਰਮਿੰਗ ਲਈ ਮਾਰਕਿੰਟਗ ਅਤੇ ਦੁੱਧ ਦੇ ਸੈਂਪਲ ਸਬੰਧੀ ਕਦਮ ਚੁੱਕੇ ਜਾਣ ਦੀ ਲੋੜ ਤੇ ਜੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਡੇਅਰੀ ਫਾਰਮਿੰਗ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨਾਂ ਦੀ ਹਰ ਸੰਭਵ ਮਦਦ ਕਰਨਗੇ।
ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਪਿੰਡ ਗਦਲੀ (ਜੰਡਿਆਲਾ ਗੁਰੂ) ਵਿਖੇ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਕਿਸਾਨ ਨਾਲ ਮੁਲਾਕਤ ਕੀਤੀ ਅਤੇ ਮੱਛੀ ਪਾਲਣ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਮੱਛੀ ਪਾਲਕ ਨੇ ਦੱਸਿਆ ਕਿ ਮੱਛੀ ਪਾਲਣ ਲਈ ਛੱਪੜ ਦਾ ਠੇਕਾ 10 ਸਾਲ ਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਆਵਾਜਾਈ ਲਈ ਰਸਤਾ ਪੱਕਾ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਪੂਰਨ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੁਸਕਿਲਾਂ ਦਾ ਹੱਲ ਕੀਤਾ ਜਾਵੇਗਾ। ਉਪਰੰਤ ਡਿਪਟੀ ਕਮਿਸ਼ਨਰ ਮਾਨਾਵਾਲਾਂ ਕਲਾਂ ਵਿਖੇ ਆਰਗੇਨਿਕ ਖਾਦ ਸਬੰਧੀ ਕੀਤੇ ਜਾ ਰਹੇ ਕਿੱਤੇ ਸਬੰਧੀ ਜਾਣਕਾਰੀ ਲਈ ਅਤੇ ਉਸ ਨਾਲ ਸਬੰਧਿਤ ਮੁਸ਼ਕਿਲਾਂ ਸੁਣੀਆਂ। ਆਰਗੇਨਿਕ ਖੇਤੀ ਕਰ ਰਹੇ ਕਿਸਾਨ ਨੇ ਦੱਸਿਆ ਕਿ ਉਤਪਾਦਨ ਪੱਧਰ ਤੇ ਮਦਦ ਕੀਤੀ ਜਾਵੇ ਅਤੇ ਵਿੱਤੀ ਮਦਦ ਕੀਤੀ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਸਰਕਾਰ ਦੇ ਧਿਆਨ ਵਿਚ ਇਹ ਗੱਲਾਂ ਲਿਆ ਕੇ ਸਮੱਸਿਆ ਦਾ ਹੱਲ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰੀ ਐਮ.ਪੀ.ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਧਰਮਪਾਲ ਭਗਤ, ਸ੍ਰੀ ਰਾਜਨਬੀਰ ਸਿੰਘ ਸ੍ਰੀ ਕੁਲਦੀਪ ਸਿੰਘ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਰਵੀਇੰਦਰ ਸਿੰਘ, ਸ੍ਰੀ ਪ੍ਰੀਤਇੰਦਰ ਸਿੰਘ, ਸ੍ਰੀ ਸ਼ਰਨਜੀਤ ਸਿੰਘ, ਸ੍ਰੀ ਸੁਮਤ ਸਿੰਘ ਆਦਿ ਹਾਜਰ ਸਨ।