ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਦਿੱਤੀ ਡਿਗਰੀ
ਪਿਛਲੇ ਸਾਲ ਪਟਿਆਲਾ ਯੂਨੀਵਰਸਿਟੀ ਨੇ ਵੀ ਡਾ. ਜੱਗੀ ਨੂੰ ਪ੍ਰਦਾਨ ਕੀਤੀ ਸੀ ਡੀ.ਲਿਟ ਡੀ ਡਿਗਰੀ
ਅੰਮ੍ਰਿਤਸਰ, 11 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋ ਅੱਜ ਕਰਵਾਈ ਗਈ ਕਾਨਵੋਕੇਸ਼ਨ ਦੌਰਾਨ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਵਲੋਂ ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਾਨ-ਅਰਥ ਡੀ.ਲਿਟ. ਦੀ ਡਿਗਰੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਹੈ। ਡਾ. ਜੱਗੀ ਗੁਰਮਤਿ ਸਾਹਿਤ ਅਤੇ ਮੱਧ ਯੁਗ ਦੇ ਪੰਜਾਬੀ ਸਾਹਿਤ ਦੇ ਪ੍ਰੌੜ ਅਤੇ ਪ੍ਰਸਿੱਧ ਵਿਦਵਾਨ ਹਨ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਡਾ. ਜੱਗੀ ਨੂੰ ਡੀ.ਲਿਟ. (ਮਾਨ-ਅਰਥ) ਪ੍ਰਦਾਨ ਕੀਤੀ ਸੀ। ਇਹ ਇਕ ਬਹੁਤ ਹੀ ਅਹਿਮ ਮੌੌਕਾ ਹੈ ਕਿ ਪੰਜਾਬ ਦੀਆਂ ਦੋੋ ਮੁੱਖ ਯੂਨੀਵਰਸਿਟੀਆਂ ਨੇ ਗੁਰਮਤਿ ਅਤੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਕਾਲਰ ਡਾ.ਜੱਗੀ ਨੂੰ ਇਸ ਮਾਨ ਨਾਲ ਸਨਮਾਨਿਤ ਕੀਤਾ ਹੈ।
ਡਾ.ਜੱਗੀ ਨੇ ਸੰਨ 1962 ਵਿਚ ‘ਦਸਮ ਗ੍ਰੰਥ’ ਦੇ ਪੌਰਾਣਿਕ ਅਧਿਐਨ ਉਤੇ ਪੰਜਾਬ ਯੂਨੀਵਰਸਿਟੀ ਤੋਂ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਸੀ। ਫਿਰ 1973 ਵਿਚ ਗੁਰੂ ਨਾਨਕ ਬਾਣੀ ਬਾਰੇ ਖੋਜ ਕਰਕੇ ਮਗਧ ਯੂਨੀਵਰਸਿਟੀ ਤੋਂ ਡੀ.ਲਿਟ. ਦੀ ਉਪਾਧੀ ਹਾਸਲ ਕੀਤੀ ਸੀ। ਉਨ੍ਹਾਂ ਨੇ ਦਿੱਲੀ ਵਿਚ ਰਹਿੰਦੇ ਹੋਇਆ ਐਮ.ਏ. ਪੰਜਾਬੀ ਅਤੇ ਹਿੰਦੀ ਦੇ ਇਮਤਿਹਾਨ ਪਾਸ ਕਰਨ ਤੋਂ ਬਾਦ ਬੀ.ਏ. ਤਕ ਸੰਸਕ੍ਰਿਤ ਅਤੇ ਫ਼ਾਰਸੀ ਦੀ ਪੜ੍ਹਾਈ ਕੀਤੀ। ਸਭ ਤੋਂ ਪਹਿਲਾਂ ਉਹ ਹਿੰਦੂ ਕਾਲਜ, ਸੋਨੀਅਤ ਅਤੇ ਫਿਰ ਸਰਕਾਰੀ ਕਾਲਜ, ਹਿਸਾਰ ਵਿਚ ਲੈਕਚਰਾਰ ਨਿਯੁਕਤ ਹੋਏ ਅਤੇ ਜੁਲਾਈ 1963 ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪਹੁੰਚ ਗਏ। ਇੱਥੇ ਹੀ ਰੀਡਰ ਬਣੇ ਅਤੇ ਫਿਰ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਨੌ ਸਾਲ ਪ੍ਰੋਫੈਸਰ ਅਤੇ ਮੁੱਖੀ ਰਹੇ। ਇਸੇ ਦੌਰਾਨ ਇਸ ਵਿਭਾਗ ਰਾਹੀਂ ਆਪ ਨੇ ਅਨੇਕ ਵਿਸ਼ਿਆਂ ਨਾਲ ਸੰਬੰਧਿਤ ਲਗਭਗ 200 ਪੁਸਤਕਾਂ ਵਿਦਵਾਨਾਂ ਤੋਂ ਲਿਖਵਾ ਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਰਵਾਈਆਂ।
ਸੰਨ 1973 ਵਿਚ ‘ਰਾਮ ਚਰਿਤ ਮਾਨਸ’ (‘ਤੁਲਸੀ ਰਾਮਾਇਣ’) ਦੀ ਚੌਥੀ ਸ਼ਤਾਬਦੀ ਦੇ ਅਵਸਰ ‘ਤੇ ਉਸ ਪਾਵਨ ਗ੍ਰੰਥ ਦਾ ਆਪ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਉਸ ਉਤੇ ਸਾਹਿਤ ਅਕਾਦਮੀ, ਨਵੀਂ ਦਿੱਲੀ ਤੋਂ ਸੰਨ 1989 ਵਿਚ ਨੈਸ਼ਨਲ ਅਵਾਰਡ ਪ੍ਰਦਾਨ ਕੀਤਾ ਗਿਆ। ਸੰਨ 1987 ਵਿਚ ਸੇਵਾ ਮੁਕਤ ਹੋਣ ਤੋਂ ਬਾਦ ਉਹ ਪੰਜਾਬੀ ਯੂਨੀਵਰਸਿਟੀ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਚਲੇ ਆ ਰਹੇ ਹਨ ਅਤੇ ਦਿਨ ਰਾਤ ਖੋਜ ਕਾਰਜ ਵਿਚ ਜੁਟੇ ਹੋਏ ਹਨ। ਉਨ੍ਹਾਂ ਨੇ ‘ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ’ ਤੱਥਕ ਖੋਜ ਦੇ ਆਧਾਰ ‘ਤੇ ਪੰਜ ਭਾਗਾਂ ਵਿਚ ਤਿਆਰ ਕੀਤਾ ਜੋ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ।
ਉਨ੍ਹਾਂ ਨੇ ‘ਪੰਜਾਬੀ ਸਾਹਿਤ ਕੋਸ਼’, ‘ਭਾਈ ਵੀਰ ਸਿੰਘ ਸਾਹਿਤ ਕੋਸ਼’, ‘ਪੰਜਾਬੀ ਸਾਹਿਤ ਸੰਦਰਭ ਕੋਸ਼’ ਆਦਿ ਤਿਆਰ ਕਰਕੇ ਪੰਜਾਬੀ ਅਧਿਐਨ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਖਾਲਸੇ ਦੀ ਤੀਜੀ ਸ਼ਤਾਬਦੀ ਦੇ ਅਵਸਰ ‘ਤੇ ਆਪਣੀ ਪਤਨੀ ਡਾ. ਗੁਰਸ਼ਰਨ ਕੌਰ ਜੱਗੀ ਨਾਲ ਮਿਲ ਕੇ ‘ਦਸਮ ਗ੍ਰੰਥ’ ਦਾ ਪੰਜ ਸੈਂਚੀਆਂ ਵਿਚ ਟੀਕਾ ਪ੍ਰਕਾਸ਼ਿਤ ਕੀਤਾ ਅਤੇ ਬਾਦ ਵਿਚ ਉਸ ਦਾ ਹਿੰਦੀ ਰੂਪਾਂਤਰ ਵੀ ਤਿਆਰ ਕੀਤਾ।
ਗੁਰੂ ਗ੍ਰੰਥ ਸਾਹਿਬ ਬਾਰੇ ਆਪ ਨੇ ਸਾਰੀ ਖੋਜ ਸਾਮਗ੍ਰੀ ਨੂੰ ਵਿਵਸਥਿਤ ਰੂਪ ਦੇ ਕੇ ਸੰਨ 2002 ਵਿਚ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਤਿਆਰ ਕੀਤਾ ਜੋ ਦੋ ਸੈਂਚੀਆਂ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਉਸ ਤੋਂ ਬਾਦ ਸੰਨ 2005 ਵਿਚ ‘ਸਿੱਖ ਪੰਥ ਵਿਸ਼ਵ ਕੋਸ਼’ ਤਿਆਰ ਕੀਤਾ ਜਿਸ ਦਾ ਦੋ ਭਾਗਾਂ ਵਿਚ ਪ੍ਰਕਾਸ਼ਨ ਕੀਤਾ ਗਿਆ। ਹੁਣ ਉਸ ਦਾ ਸੋਧਿਆ ਅਤੇ ਵਧਾਇਆ ਹੋਇਆ ਸੰਸਕਰਣ ਚਾਰ ਜਿਲਦਾਂ ਵਿਚ ਛਪ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਵਿਸ਼ੇਸ਼ ਰੁਚੀ ਹੋਣ ਕਾਰਨ 2007 ਵਿਚ ਉਨ੍ਹਾਂ ਨੇ ‘ਅਰਥ ਬੋਧ ਗੁਰੂ ਗ੍ਰੰਥ ਸਾਹਿਬ’ ਤਿਆਰ ਕਰਕੇ ਉਸ ਦਾ ਪ੍ਰਕਾਸ਼ਨ ਕੀਤਾ ਜਿਸ ਰਾਹੀਂ ਗੁਰੂ ਬਾਣੀ ਦੇ ਸਰਲਤਾ ਪੂਰਵਕ ਅਰਥ ਸਮਝੇ ਜਾ ਸਕਦੇ ਹਨ। ਇਸੇ ਪਰੰਪਰਾ ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਵਿਸਤਾਰ ਸਾਹਿਤ (ਪਦ ਅਰਥਾਂ ਤੋਂ ਲੈ ਕੇ ਭਾਵ ਅਰਥਾਂ ਤਕ) ‘ਭਾਵ ਪ੍ਰਬੋਧਨੀ ਟੀਕਾ’ ਤਿਆਰ ਕੀਤਾ ਜੋ ਪੰਜਾਬੀ ਯੂਨੀਵਰਸਿਟੀ ਵਲੋਂ ਸੰਨ 2013 ਵਿਚ ਅੱਠ ਸੈਂਚੀਆਂ ਵਿਚ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਸੇ ਤਰ੍ਹਾਂ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਭਾਗ (ਤੀਜਾ ਚੌਥਾ ਅਤੇ ਪੰਜਵਾਂ) ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਏ। ਇਨ੍ਹਾਂ ਵੱਡੀਆਂ ਪ੍ਰਾਜੈਕਟਾਂ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਅਨੇਕ ਪੁਸਤਕਾਂ ਗੁਰਬਾਣੀ, ਸਿੱਖ ਸਾਹਿਤ ਅਤੇ ਪੰਜਾਬੀ ਸਾਹਿਤ ਬਾਰੇ ਰਚੀਆਂ ਹਨ। ਉਨ੍ਹਾਂ ਦੀਆਂ ਰੁਚੀਆਂ ਪੁਸਤਕਾਂ ਦੀ ਗਿਣਤੀ ਸਵਾ ਸੌ ਤੋਂ ਅਧਿਕ ਹੈ। ਉਨ੍ਹਾਂ ਨੇ ਆਪਣੀ ਸ੍ਵੈ ਜੀਵਨੀ (‘ਅਮਲ ਜੇ ਕੀਤੇ ਦੁਨੀ ਵਿਚਿ’) ਲਿਖ ਕੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਵਿਸ਼ਵਸਤ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੀ ਸਾਹਿਤ ਨੂੰ ਦੇਣ ਨੂੰ ਮੁੱਖ ਰੱਖਦਿਆਂ ਭਾਸ਼ਾ ਵਿਭਾਗ ਪੰਜਾਬ ਨੇ ਸੰਨ 1996 ਵਿਚ ਆਪਣਾ ਸਰਵ ਸ੍ਰੇਸ਼ਠ ਪੁਰਸਕਾਰ ”ਪੰਜਾਬੀ ਸਾਹਿਤ ਸ਼੍ਰੋਮਣੀ” (ਹੁਣ ‘ਪੰਜਾਬੀ ਸਾਹਿਤ ਰਤਨ’) ਪ੍ਰਦਾਨ ਕੀਤਾ। ਉਸੇ ਸਾਲ ਉਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ ‘ਸੋਹਾਰਦ ਪੁਰਸਕਾਰ’ ਵੀ ਪ੍ਰਦਾਨ ਕੀਤਾ। ਦਿੱਲੀ ਸਰਕਾਰ ਵਲੋਂ ਸਥਾਪਿਤ ਪੰਜਾਬੀ ਅਕਾਦਮੀ ਵਲੋਂ ਸੰਨ 2010 ਵਿਚ ”ਪਰਮ ਸਾਹਿਤ ਸਤਿਕਾਰ ਸਨਮਾਨ ਪੁਰਸਕਾਰ” ਪ੍ਰਦਾਨ ਕੀਤਾ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ‘ਭਾਈ ਕਾਨ੍ਹ ਸਿੰਘ ਪੁਰਸਕਾਰ’ ਸੰਨ 2013 ਵਿਚ ਭੇਂਟ ਕੀਤਾ ਗਿਆ। ਹੋਰ ਵੀ ਕਈ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਇਕ ਦਰਜਨ ਪੁਸਤਕਾਂ ਉਪਰ ਪ੍ਰਥਮ ਪੁਰਸਕਾਰ ਮਿਲ ਚੁਕੇ ਹਨ।
ਡਾ. ਰਤਨ ਸਿੰਘ ਜੱਗੀ ਨੇ ਇਤਨੀ ਨਿਸ਼ਠਾ, ਲਗਨ ਅਤੇ ਸਮਰਪਣ ਨਾਲ ਗੁਰਮਤਿ, ਸਿੱਖ ਧਰਮ ਅਤੇ ਇਤਿਹਾਸ ਅਤੇ ਪੰਜਾਬੀ ਸਾਹਿਤ ਦੀ ਸੇਵਾ ਨਿਭਾਈ ਹੈ ਕਿ ਜਿਸ ਦੀ ਆਸ ਸੰਸਥਾਵਾਂ ਤੋਂ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸਾਰੇ ਸਾਹਿਤਿਕ ਕਾਰਜਾਂ ਵਿਚ ਉਨ੍ਹਾਂ ਦੀ ਪਤਨੀ ਅੰਗ-ਸੰਗ ਰਹਿ ਕੇ ਆਪਣੇ ਸਹਿਯੋਗ ਦੀ ਭੂਮਿਕਾ ਨਿਭਾਉਂਦੀ ਰਹੀ ਹੈ। ਡਾ. ਜੱਗੀ ਖੁਦ ਇਕ ਸੰਸਥਾ ਹਨ, ਉਨ੍ਹਾਂ ਦੀ ਦੇਣ ਮਹਾਨ ਹੈ। ਆਪ ਨੂੰ ਮੱਧਕਾਲੀਨ ਪੰਜਾਬੀ ਸਾਹਿਤ, ਭਾਰਤੀ ਭਗਤੀ ਅੰਦੋਲਨ ਨਾਲ ਸੰਬੰਧਿਤ ਸਾਹਿਤ ਅਤੇ ਗੁਰਮਤਿ ਸਾਹਿਤ ਦਾ ਵਿਸ਼ੇਸ਼ਗ ਹੋਣ ਦਾ ਮਾਣ ਪ੍ਰਾਪਤ ਹੈ।
ਅਨੇਕ ਪ੍ਰਕਾਰ ਦੇ ਪੁਰਸਕਾਰਾਂ ਤੋਂ ਇਲਾਵਾ ਉਨ੍ਹਾਂ ਨੂੰ ਕਈ ਸੰਸਥਾਵਾਂ ਵਲੋਂ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਉਹ ਆਜੀਵਨ ਫੈਲੋ ਹਨ। 88 ਸਾਲ ਦੀ ਆਯੂ ਦੇ ਹੋ ਜਾਣ ਦੇ ਬਾਵਜੂਦ ਉਹ ਪੂਰੀ ਨਿਸ਼ਠਾ ਨਾਲ ਗੁਰਬਾਣੀ ਦੇ ਅਧਿਐਨ ਵਿਚ ਜੁਟੇ ਹੋਏ ਹਨ ਅਤੇ ਇਸ ਸੰਬੰਧੀ ਬਹੁਤ ਉਪਯੋਗੀ ਸਾਹਿਤ ਪ੍ਰਕਾਸ਼ਿਤ ਕਰ ਰਹੇ ਹਨ। ਗੁਰਬਾਣੀ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨਾ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਹੈ ਅਤੇ ਸੁਆਸ ਸੁਆਸ ਇਸੇ ਨੂੰ ਅਰਪਿਤ ਹਨ।
Punjab Post Daily Online Newspaper & Print Media