Monday, February 23, 2026

‘ਕਿਸਾਨ ਹੱਟ’ ਜ਼ਿਲ੍ਹੇ ਦੇ ਲੋਕਾਂ ਲਈ ਬਣੀ ਮਿਸਾਲ – ਪੰਜਾਬ ਸਰਕਾਰ ਦੇ ਯਤਨਾਂ ਨੂੰ ਪੈ ਰਿਹਾ ਹੈ ਬੂਰ

ਜ਼ਿਲਾ ਪ੍ਰਸ਼ਾਸਨ ‘ਕਿਸਾਨ ਹੱਟ’ ਖੋਲ੍ਹਣ ਲਈ ਦੇਵੇਗਾ ਹਰ ਸੰਭਵ ਮਦਦ-ਡਿਪਟੀ ਕਮਿਸ਼ਨਰ

PPN1603201516
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਧੰਦੇ ਵਿਚੋਂ ਹੋਰ ਜ਼ਿਆਦਾ ਆਮਦਨ ਵਧਾਉਣ ਦੇ ਮਨੋਰਥ ਨਾਲ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਅਗਾਂਹਵਧੂ ਕਿਸਾਨਾਂ ਦੀ ਸਹਾਇਤਾ ਨਾਲ ਦੂਜੇ ਹੋਰ ਕਿਸਾਨਾਂ ਨੂੰ ਮੁੱਖ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅਗਾਂਹਵਧੂ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਲੋਂ ਉਠਾਏ ਗਏ ਕਦਮਾਂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਵਿਭਾਗ ਦੇ ਯਤਨਾਂ ਨਾਲ ਵਿਸ਼ੇਸ ਉਪਰਾਲੇ ਆਰੰਭੇ ਗਏ ਹਨ, ਜੋ ਕਿ ਪੂਰੇ ਜ਼ਿਲ੍ਹੇ ਲਈ ਇਕ ਮਿਸਾਲ ਹਨ।
ਜ਼ਿਲ੍ਹੇ ਅੰਦਰ ਵੱਖ-ਵੱਖ ਕਿਸਾਨ ਗਰੁੱਪਾਂ ਵਲੋਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਆਤਮਾ ਸਕੀਮ ਅਧੀਨ ‘ਕਿਸਾਨ ਹੱਟ’ ਖੋਲ੍ਹਣਾਂ ਦਾ ਇਕ ਨਿਵਕੇਲਾ ਤੇ ਸਫਲ ਯਤਨ ਕੀਤਾ ਗਿਆ ਹੈ। ਇਸ ਆਤਮਾ ਕਿਸਾਨ ਹੱਟ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਮੰਡੀਕਰਨ ਦਾ ਸੁਚੱਜਾ ਮੰਚ ਅਤੇ ਪ੍ਰਬੰਧ ਮੁਹੱਈਆ ਕਰਵਾਉਣਾ, ਕਿਸਾਨਾਂ ਤੋਂ ਗ੍ਰਾਹਕ ਤਕ ਸ਼ੁੱਧ ਅਤੇ ਮਿਆਰੀ ਵਸਤੂਆਂ ਅਤੇ ਉਤਪਾਦ ਮੁਹੱਈਆ ਕਰਵਾਉਣਾ, ਪੇਂਡੂ ਖੇਤਰ ਲਈ ਰੋਜ਼ਗਾਰ ਦ ਨਵੇਂ ਸਾਧਨ ਪੈਦਾ ਕਰਨਾ ਅਤੇ ਕਿਸਾਨਾਂ ਨੂੰ ਮੁਨਾਫਾਖੋਰਾਂ ਤੋਂ ਬਚਾ ਕੇ ਉਨਾਂ ਦੀ ਮਿਹਨਤ ਦਾ ਵੱਧ ਤੋਂ ਵੱਧ ਮੁੱਲ ਦਿਵਾਉਣਾ ਹੈ। ਇਨਾਂ ਕਿਸਾਨ ਹੱਟਾਂ ਵਿਚ ਕਿਸਾਨ ਆਪਣੀਆਂ ਪੈਦਾ ਕੀਤੀਆਂ ਖੇਤੀ ਵਸਤੂਆਂ ਜਿਵੇਂ ਕਿ ਗਾਜਰ ਦਾ ਜੂਸ, ਚਾਵਲ, ਸ਼ਹਿਦ, ਹਲਦੀ, ਮਰੁੱਬਾ, ਘਰੈਲੂ ਮਸਾਲੇ ਅਤੇ ਸਜਾਵਟੀ ਸਮਾਨ ਆਦਿ ਵੇਚ ਸਕਦੇ ਹਨ।
ਜ਼ਿਲ੍ਹਾ ਖੇਤੀਬਾੜੀ ਦਫ਼ਤਰ (ਰਣਜੀਤ ਐਵਨਿਊ,ਅੰਮ੍ਰਿਤਸਰ) ਦੇ ਮੁੱਖ ਗੇਟ ਦੇ ਨਜ਼ਦੀਕ ਖੋਲ੍ਹੀ ਗਈ ‘ਆਤਮਾ ਕਿਸਾਨ ਹੱਟ’ ਜਿਸਦੀ ਸਫਲ ਕਾਰੁਜ਼ਗਾਰੀ ਤੋਂ ਪ੍ਰਭਾਵਿਤ ਹੋ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋਂ ਦੌਰਾ ਕੀਤਾ ਗਿਆ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਉਨਾਂ ਵਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਹਿਲਾਂ ਵਾਲਾ ਦੇ ਅਗਾਂਹਵਧੂ ਕਿਸਾਨ ਕਾਮਰੇਡ ਜਗਤਾਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇਹ ‘ਕਿਸਾਨ ਹੱਟ’ ਖੋਲ੍ਹੀ ਗਈ ਹੈ ਅਤੇ ਕਿਸਾਨਾਂ ਦੇ ਗਰੁੱਪ ਵਲੋਂ ਇਸ ਹੱਟ ਵਿਚ ਆਪਣੇ ਖੇਤਾਂ ਵਿਚ ਪੈਦਾ ਕੀਤੀਆਂ ਵਸਤੂਆਂ ਨੂੰ ਸਿੱਧਾ ਗ੍ਰਾਹਕਾਂ ਤਕ ਪਹੁੰਚਾਈਆਂ ਜਾਂਦੀਆਂ ਹਨ। ਹੱਟ ਚਲਾ ਰਹੇ ਕਿਸਾਨਾਂ ਨੇ ਦੱਸਿਆ ਕਿ ਉਹ ਪੰਜ ਰੁਪਏ ਕਿੱਲੇ ਵਿਕਣ ਵਾਲੀ ਗਾਜਰ ਵਿਚੋਂ ਦੋ ਗਲਾਸ ਜੂਸ ਦੇ ਕੱਢ ਕੇ 30 ਰੁਪਏ ਕਮਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕਈ ਵਸਤੂਆਂ ਤੋਂ ਭਾਰੀ ਮੁਨਾਫਾ ਹੋ ਰਿਹਾ ਹੈ। ਉਨਾਂ ਜ਼ਿਲ੍ਹੇ ਦੇ ਦੂਸਰੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਵਿਚੋਲਿਆਂ ਦਾ ਬਾਈਕਾਟ ਕਰਕੇ ਖੁਦ ਆਪਣੀਆਂ ਵਸਤੂਤਆਂ ਨੂੰ ਵੇਚਣ ਲਈ ਅਜਿਹੇ ਹੱਟ ਸਥਾਪਿਤ ਕਰਨ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਅਜਿਹੇ ਸਫਲ ਕਿਸਾਨ ਦੂਸਰੇ ਲੋਕਾਂ ਲਈ ਮਿਸਾਲ ਹਨ ਜੋਂ ਆਪਣੀ ਮਿਹਨਤ ਨਾਲ ਆਪਣੀ ਵਸਤੂ ਦਾ ਪੂਰਾ ਮੁੱਲ ਵਸੂਲ ਰਹੇ ਹਨ। ਉਨਾਂ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਅਜਿਹੇ ‘ਕਿਸਾਨ ਹੱਟ’ ਸਥਾਪਿਤ ਕਰਨੇ ਚਾਹੁੰਦੇ ਹਨ ਤਾਂ ਉਹ ਆਪਣੇ ਸਾਥੀਆਂ ਦਾ ਗਰੁੱਪ ਬਣਾ ਕੇ ਮੁੱਖ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ ਕੋਸ਼ਿਸ ਹੈ ਕਿ ਕਿਸਾਨਾਂ ਨੂੰ ਉਨਾਂ ਦੀ ਮਿਹਨਤ ਦਾ ਪੂਰਾ ਮਿਹਨਾਤਾ ਦਿਵਾਇਆ ਜਾਵੇ ਅਤੇ ਮੁੱਖ ਖੇਤੀਬਾੜੀ ਕਿੱਤੇ ਤੋਂ ਇਲਾਵਾ ਦੂਸਰੇ ਸਹਾਇਕ ਕਿੱਤੇ ਅਪਣਾ ਕੇ ਕਿਸਾਨ ਅੱਜ ਦੇ ਇਸ ਦੌਰ ਵਿਚ ਆਪਣਾ ਜੀਵਨ ਨਿਰਬਾਹ ਸੁਚੱਜੇ ਢੰਗ ਨਾਲ ਜਿਊ ਸਕਣ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply