Monday, September 14, 2026

ਸਿਹਤ ਵਿਭਾਗ ਦੀ ਟੀਮ ਨੇ ਘੁਮਾਣ ਵਿਖੇ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਸੈਂਪਲ

ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ : ਡੀ.ਐੱਚ.ਓ. ਡਾ. ਬਾਜਵਾ

PPN1703201507
ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਖਾਣ-ਪੀਣ ਦੀਆਂ ਵਸਤਾਂ ‘ਚ ਮਿਲਾਵਟ ਨੂੰ ਰੋਕਣ ਜ਼ਿਲ੍ਹਾ ਸਿਹਤ ਅਫਸਰ ਗੁਰਦਾਸਪੁਰ ਡਾ. ਬੀ.ਐੱਸ. ਬਾਜਵਾ ਅਤੇ ਜ਼ਿਲ੍ਹਾ ਫੂਡ ਸੇਫਟੀ ਅਫਸਰ ਡਾ. ਜੀ.ਐੱਸ. ਪਨੂੰ ਵੱਲੋਂ ਅੱਜ ਘੁਮਾਣ ਵਿਖੇ ਗੋਲ ਗੱਪਿਆਂ, ਟਿੱਕੀਆਂ ਅਤੇ ਹੋਰ ਫਾਸਟ-ਫੂਡ ਵਾਲੀਆਂ ਰੇਹੜੀਆਂ ‘ਤੇ ਵਿੱਕ ਰਹੀਆਂ ਵਸਤਾਂ ਦੇ ਸੈਂਪਲ ਭਰੇ ਗਏ। ਰੇਹੜੀਆਂ ਤੋਂ ਸੈਂਪਲ ਭਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਮਾੜੀ ਹਾਲਤ ‘ਚ ਪਈ ਚਟਨੀ ਨੂੰ ਨਸ਼ਟ ਵੀ ਕੀਤਾ। ਇਸ ਮੌਕੇ ਰੇਹੜੀਆਂ ਵਾਲਿਆਂ ਨੂੰ ਤਾੜਨਾ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ. ਬਾਜਵਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਕੀਮਤ ‘ਤੇ ਨਹੀਂ ਹੋਣ ਦਿਤਾ ਜਾਵੇਗਾ ਅਤੇ ਰੇਹੜੀਆਂ ਵਾਲੇ ਹਰ ਤਰਾਂ ਦਾ ਖਾਣ-ਪੀਣ ਦਾ ਸਮਾਨ ਫੂਡ ਸੇਫਟੀ ਦੇ ਨਿਰਧਾਰਤ ਨਿਯਮਾਂ ਅਨੁਸਾਰ ਹੀ ਤਿਆਰ ਕਰਨ ਅਤੇ ਵੇਚਣ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ, ਫਲਾਂ ਵਾਲਿਆਂ, ਹਲਵਾਈਆਂ ਅਤੇ ਡੇਅਰੀਆਂ ਦਾ ਵੀ ਨਿਰੀਖਣ ਕੀਤਾ ਅਤੇ ਇਨ੍ਹਾਂ ਦੇ ਸੈਂਪਲ ਵੀ ਭਰੇ। ਕਰਿਆਨੇ ਦੀਆਂ ਦੁਕਾਨਾਂ ਤੋਂ ਉਨ੍ਹਾਂ ਚਾਹ ਪੱਤੀ, ਦਾਲਾਂ, ਤੇਲ ਤੇ ਘਿਓ ਦੇ ਸੈਂਪਲ ਵੀ ਇਕੱਤਰ ਕੀਤੇ ਗਏ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਖਾਣ-ਪੀਣ ਦੀਆਂ ਵਸਤੂਆਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਕਿਸੇ ਵੀ ਖਾਣ ਵਾਲੇ ਪਦਾਰਥ ‘ਚ ਰੰਗ, ਕੈਮੀਕਲ ਜਾਂ ਐਸਿਡਾਂ ਦੀ ਵਰਤੋਂ ਨਾ ਕੀਤੀ ਜਾਵੇ। ਡਾ. ਬਾਜਵਾ ਨੇ ਹੋਟਲ, ਰੈਸਟੋਰੈਂਟ ਅਤੇ ਰੇਹੜੀਆਂ ਵਾਲਿਆਂ ਨੂੰ ਸ਼ੁੱਧ ਪਦਾਰਥਾਂ ਵੇਚਣ ਦੇ ਨਾਲ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਵੀ ਕੀਤੀ।
ਡਾ. ਬਾਜਵਾ ਨੇ ਕਿਹਾ ਕਿ 3, 4 ਅਤੇ 5 ਅਪ੍ਰੈਲ ਨੂੰ ਘੁਮਾਣ ਵਿਖੇ ਜੋ ਮਰਾਠੀ ਸੰਮੇਲਨ ਹੋ ਰਿਹਾ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਸੰਮੇਲਨ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘੁਮਾਣ ਅਤੇ ਨਾਲ ਲੱਗਦੇ ਇਲਾਕਿਆਂ ਖਾਣ-ਪੀਣ ਦੀਆਂ ਵਸਤਾਂ ‘ਤੇ ਖਾਸ ਨਿਗਰਾਨੀ ਰੱਖੀ ਜਾਵੇਗੀ ਅਤੇ ਮਿਲਾਵਟੀ ਵਸਤਾਂ ਦੀ ਵਿਕਰੀ ਨੂੰ ਪੂਰੀ ਤਰਾਂ ਰੋਕਿਆ ਜਾਵੇਗਾ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply