2 ਰੋਜ਼ਾ ਫੋਟੋ ਪ੍ਰਦਰਸ਼ਨੀ ਤੇ 3 ਦਿਨਾਂ ਪੇਟਿੰਗ ਵਰਕਸ਼ਾਪ ਬਣੀ ਖਿੱਚ ਦਾ ਕੇਂਦਰ

ਅੰਮ੍ਰਿਤਸਰ, 28 ਮਾਰਚ (ਪ੍ਰੀਤਮ ਸਿੰਘ)-ਕਲਾ ਦੇ ਖ਼ੇਤਰ ਵਿੱਚ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵੱਲੋਂ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਅਣਗਿਣਤ ਨੁਮਾਇਸ਼ਾਂ ਦੀ ਕੜੀ ਵਿੱਚ ਅੱਜ 2 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਇਸ ਪ੍ਰਦਰਸ਼ਨੀ ਵਿੱਚ 50 ਦੇ ਕਰੀਬ ਦਿਲ ਟੁੰਭਦੀਆਂ ਕੁਦਰਤੀ ਨਜ਼ਾਰਿਆਂ ਅਤੇ ਜੰਗਲੀ ਜੀਵਾਂ ਨਾਲ ਸਬੰਧਿਤ ਤਸਵੀਰਾਂ ਆਮ ਲੋਕਾਂ ਲਈ ਲਗਾਈਆਂ ਗਈਆਂ। ਡਾ. ਸ਼ਾਤਾਨੂੰ ਦੁਆਰਾ ਖਿੱਚੀਆਂ ਗਈਆਂ ਇਨ੍ਹਾਂ ਦਿਲਚਸਪ ਤਸਵੀਰਾਂ ਵਿੱਚ ਜੰਗਲੀ ਜਾਨਵਰਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਕੈਮਰੇ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਕੈਦ ਕੀਤਾ ਗਿਆ ਹੈ। ਇਸ ਮੌਕੇ ਡਾ. ਸ਼ਾਤਾਨੂੰ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਵਿੱਚ ਸਥਿਤ ਜੰਗਲਾਂ ਦੇ ਕੁਦਰਤੀ ਪਾਰਕਾਂ ਵਿੱਚ ਪਹੁੰਚ ਕੇ ਹਜ਼ਾਰਾਂ ਤਸਵੀਰਾਂ ਖਿੱਚੀਆਂ ਜਿਨ੍ਹਾਂ ਵਿੱਚੋਂ ਕੁਝ ਖੂਬਸੂਰਤ 50 ਤਸਵੀਰਾਂ ਨੂੰ ਚੁਣ ਕੇ ਇਸ ਪ੍ਰਦਰਸ਼ਨੀ ਵਿੱਚ ਲਗਾਇਆ ਗਿਆ। ਸ: ਛੀਨਾ ਨੇ ਡਾ. ਸ਼ਾਤਾਨੂੰ ਦੀਆਂ ਖਿੱਚੀਆਂ ਤਸਵੀਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਡਾਕਟਰੀ ਪੇਸ਼ੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਕੈਮਰੇ ਦੀ ਅਨੋਖੀ ਅੱਖ ਰੱਖਦੇ ਹਨ, ਜਿਸ ਸਦਕਾ ਉਨ੍ਹਾਂ ਨੇ ਕੁਦਰਤ ਦੇ ਨਾ ਭੁੱਲਣ ਵਾਲੇ ਪਲਾਂ ਨੂੰ ਕੈਮਰੇ ਵਿੱਚ ਨਜ਼ਰਬੰਦ ਕੀਤਾ ਹੈ। ਸ: ਛੀਨਾ ਨੇ ਇਸ ਤੋਂ ਇਲਾਵਾ ਆਰਟ ਗੈਲਰੀ ਵਿਖੇ ਅੱਜ 3 ਰੋਜ਼ਾ 30 ਮਾਰਚ ਤੱਕ ਚਲਣ ਵਾਲੇ ਪੇਟਿੰਗ ਵਰਕਸ਼ਾਪ ਦਾ ਉਦਘਾਟਨ ਵੀ ਕੀਤਾ। ਜਿਸ ਵਿੱਚ ਉੱਤਰੀ ਭਾਰਤ ਦੇ ਮਸ਼ਹੂਰ ਕਲਾਕਾਰ ਆਪਣੇ ਰੰਗਾਂ ਦੀ ਅਦਭੁੱਤ ਕਲਾਕਾਰੀ ਨਾਲ ਭਾਵਨਾਵਾਂ ਨੂੰ ਦਰਸਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰਟ ਗੈਲਰੀ ਦੇ ਚੇਅਰਮੈਨ ਮਹਿੰਦਰਜੀਤ ਸਿੰਘ, ਆਨਰੇਰੀ ਸਕੱਤਰ ਡਾ. ਪੀ. ਐੱਸ. ਗਰੋਵਰ, ਸ: ਸ਼ਿਵਦੇਵ ਸਿੰਘ, ਸ: ਬੀ. ਐੱਸ. ਨੰਦਾ, ਸ: ਨਰਿੰਦਰ ਸਿੰਘ, ਨਰਿੰਦਰਜੀਤ ਸਿੰਘ, ਰਵਿਦਰ ਕੌਰ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਡੀ. ਐੱਸ. ਰਟੌਲ ਆਦਿ ਹਾਜ਼ਰ ਸਨ।
Punjab Post Daily Online Newspaper & Print Media