Monday, September 28, 2026

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਏਸ਼ੀਅਨ ਖੇਡ ਜੇਤੂ ਖੁਸ਼ਬੀਰ ਨੂੰ ਦਿੱਤੀ 5 ਲੱਖ ਦੀ ਰਾਸ਼ੀ

ਸ: ਛੀਨਾ ਤੇ ਪ੍ਰਿੰ: ਮਾਹਲ ਨੇ ਖੁਸ਼ਬੀਰ ਕੌਰ ਨੂੰ ਦੱਸਿਆ ਕਾਲਜ ਦਾ ਮਾਣ

PPN1504201509

ਅੰਮ੍ਰਿਤਸਰ, 15 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਅਤੇ ਏਸ਼ੀਅਨ ਖੇਡਾਂ ਵਿੱਚ ਪੈਦਲ ਚਾਲ ਵਿੱਚ ਸੋਨ ਤਮਗਾ ਜੇਤੂ ਖ਼ੁਸ਼ਬੀਰ ਕੌਰ ਨੂੰ ਅੱਜ 5 ਲੱਖ ਦੀ ਰਕਮ ਦਾ ਚੈੱਕ ਉਸਦੇ ਪਰਿਵਾਰ ਦੇ ਅਕਾਊਂਟ ਵਿੱਚ ਜਮ੍ਹਾ ਕਰਵਾ ਦਿੱਤਾ। ਇਹ ਰਕਮ ਪਰਿਵਾਰ ਆਪਣੇ ਘਰ ਨੂੰ ਨਵੀਂ ਦਿੱਖ ਦੇਣ ਲਈ ਵਰਤ ਸਕੇਗਾ। ਪੱਤਰਕਾਰ ਕਾਨਫਰੰਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਖ਼ਾਲਸਾ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਖੁਸ਼ਬੀਰ ਕੌਰ ਨੂੰ ਕੌਂਸਲ ਵੱਲੋਂ ਅੱਜ 5 ਲੱਖ ਦਾ ਚੈੱਕ ਖੁਸ਼ਬੀਰ ਦੇ ਪਰਿਵਾਰ ਦੀ ਇੱਛਾ ਮੁਤਾਬਕ ਨਗਦ ਭੁਗਤਾਨ ਦੇ ਤਹਿਤ ਦਿੱਤਾ ਗਿਆ ਹੈ। ਸ: ਛੀਨਾ ਨੇ ਕਿਹਾ ਕਿ ਵਿੱਤੀ ਸਹਾਇਤਾ ਦਾ ਐਲਾਨ ਖੁਸ਼ਬੀਰ ਵੱਲੋਂ ਸਾਊਥ ਕੋਰੀਆ ਦੇ ਇੰਚੀਓਨ ਸ਼ਹਿਰ ਵਿੱਚ ਹੋਏ 2014 ਏਸ਼ੀਅਨ ਖੇਡਾਂ ਵਿੱਚ 2 ਕਿਲੋਮੀਟਰ ਦੀ ਪੈਦਲ ਚਾਲ ਵਿੱਚ ਜਿੱਤ ਹਾਸਲ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਉਪਰੰਤ ਕੀਤਾ ਸੀ। ਉਸਦੇ ਘਰ ਦੀ ਤਰਸਯੋਗ ਸਥਿਤੀ ਨੂੰ ਵੇਖਦੇ ਹੋਏ ਕੌਂਸਲ ਨੇ ਫ਼ੈਸਲਾ ਕੀਤਾ ਕਿ ਉਸਦੇ ਘਰ ਨੂੰ ਨਵੇਂ ਰੂਪ ਵਿੱਚ ਬਣਾ ਦਿੱਤਾ ਜਾਵੇਗਾ, ਜਿਸਦੇ ਲਈ ਹਾਊਸ ਵਿੱਚ ਨਕਸ਼ਾ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਪਰ ਕੁਝ ਅਖ਼ਬਾਰਾਂ ਵਿੱਚ ਉੱਠੇ ਮੁੱਦੇ ਕਿ ਘਰ ਨੂੰ ਨਵਾਂ ਬਣਾਉਣ ਵਿੱਚ ਦੇਰੀ ਹੋ ਰਹੀ ਹੈ, ਨੂੰ ਰੱਦ ਕਰਦੇ ਹੋਏ ਉਨ੍ਹਾਂ ਨੇ ਇਹ ਰਕਮ ਪਰਿਵਾਰ ਹਵਾਲੇ ਕਰ ਦਿੱਤੀ ਹੈ। ਕਾਲਜ ਪ੍ਰਿੰ: ਡਾ. ਮਾਹਲ ਨੇ ਕਿਹਾ ਕਿ 6 ਸਾਲ ਪਹਿਲਾਂ ਖੁਸ਼ਬੀਰ ਦੀ ਕਾਬਲੀਅਤ ਨੂੰ ਕਾਲਜ ਨੇ ਪਹਿਚਾਉਂਦੇ ਹੋਏ ਉਸਦੇ ਲਈ ਕੋਚਾਂ ਦਾ ਪ੍ਰਬੰਧ ਕੀਤਾ, ਜਿਸਦੇ ਬਾਅਦ ਉਸਨੂੰ ਵਿਸ਼ਵ ਪੱਧਰ ‘ਤੇ ਅਭਿਆਸ ਕਰਵਾਕੇ ਉਸਨੂੰ ਇਨ੍ਹੀ ਵੱਡੀ ਖਿਡਾਰਣ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਖੁਸ਼ਬੀਰ ਕੋਲੋਂ ਕਦੇ ਵੀ ਕੋਈ ਫ਼ੀਸ ਨਹੀਂ ਲਈ ਗਈ, ਜਦਕਿ ਉਸਦੀ ਆਰਥਿਕ ਮਦਦ ਲਈ ਕਾਲਜ ਤੇ ਮੈਨੇਜ਼ਮੈਂਟ ਹਮੇਸ਼ਾਂ ਤਿਆਰ ਰਹਿੰਦਾ ਸੀ। ਪ੍ਰਿੰ: ਡਾ. ਮਾਹਲ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਖੁਸ਼ਬੀਰ ਦੇ ਪਿੰਡ ਰਸੂਲਪੁਰ ਨਿੱਕਾ ਵਿੱਚ ਜਾ ਕੇ ਘਰ ਦੀ ਹਾਲਤ ਵੇਖੀ ਸੀ, ਜਿਸਦੇ ਬਾਅਦ ਉਨ੍ਹਾਂ ਨੇ ਮੈਨੇਜ਼ਮੈਂਟ ਨੂੰ ਉਸਦਾ ਘਰ ਬਣਾਉਣ ਲਈ ਸਹਿਮਤ ਕੀਤਾ। ਪਰ ਕੁਝ ਦਿਨ ਪਹਿਲਾਂ ਪਰਿਵਾਰ ਦਾ ਨਕਸ਼ਾ ਨੂੰ ਮੰਜ਼ੂਰੀ ਨਾ ਦੇਣਾ ਅਤੇ ਨਗਦ ਪੈਸਾ ਮੰਗਣ ‘ਤੇ ਹੀ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਖੁਸ਼ਬੀਰ ਦੇ ਪਰਿਵਾਰ ਨੂੰ ਇਹ ਰਕਮ ਮੁਹੱਈਆ ਕਰ ਦਿੱਤੀ ਜਾਵੇ।

ਸ: ਛੀਨਾ ਨੇ ਇਸ ਤੋਂ ਪਹਿਲਾ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ਬੀਰ ਕੌਰ ਦੀ ਆਰਥਿਕ ਮਦਦ ਅਤੇ ਯੋਗ ਸਰਕਾਰੀ ਨੌਕਰੀ ਲਈ ਪੱਤਰ ਲਿਖਿਆ ਸੀ ਅਤੇ ਉਹ ਫ਼ਿਰ ਤੋਂ ਅਪੀਲ ਕਰਨਗੇ ਕਿ ਸਰਕਾਰ ਉਸਨੂੰ ਤੇ ਇਕ ਹੋਰ ਖਿਡਾਰਣ ਨਵਜੀਤ ਕੌਰ ਢਿੱਲੋਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply