
ਬਟਾਲਾ, 23 ਅਪ੍ਰੈਲ (ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵੱਲੋਂ ਅੰਗਹੀਣ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਲੋੜਾਂ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਵਿਸ਼ੇਸ਼ ਤੌਰ ‘ਤੇ ਰਿਸੋਰਸ ਰੂਮ ਉਸਾਰੇ ਗਏ ਹਨ। ਇਸੇ ਲੜ੍ਹੀ ਤਹਿਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ 28 ਸਰਕਾਰੀ ਸਕੂਲਾਂ ਵਿੱਚ ਵੀ ਰਿਸੋਰਸ ਰੂਮ ਉਸਾਰੇ ਗਏ ਹਨ ਜਿਸ ਉੱਪਰ 56 ਲੱਖ ਰੁਪਏ ਲਾਗਤ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸ) ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 28 ਸਰਕਾਰੀ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਜਿਨ੍ਹਾਂ ‘ਚ ਸੇਖੂਪੁਰਾ, ਵੀਲਾ ਤੇਜਾ, ਧੁੱਪਸੜੀ, ਗੁਰਦਾਸ ਨੰਗਲ, ਚੌਂਤਾ, ਭੱਟੀਆਂ, ਦਾਲਮ ਨੰਗਲ, ਲੱਖਣ ਕਲਾਂ, ਖਾਨੋਵਾਲ, ਬਾਂਗੋਵਾਣੀ, ਕਾਲਾ ਬਾਲਾ, ਸੈਦੋਵਾਲ ਕਲਾਂ, ਕਾਲਾ ਨੰਗਲ, ਦੋਰਾਂਗਲਾ, ਕਾਦੀਆਂ, ਕੰਡੀਲਾ, ਵੀਲਾ ਬੱਜੂ, ਬਹਿਰਾਮਪੁਰ, ਧਿਆਨਪੁਰ, ਕਾਲਾ ਅਫਗਾਨਾ, ਬਹਾਦਰਪੁਰ ਰਜੋਆ, ਮੋਨੀ ਮੰਦਰ ਧਾਰੀਵਾਲ, ਭਟੋਆ, ਵਡਾਲਾ ਗ੍ਰੰਥੀਆਂ, ਕਾਹਨੂੰਵਾਨ (ਲੜਕੇ), ਕੋਟ ਸੰਤੋਖ ਰਾਏ, ਰੰਗੜ ਨੰਗਲ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਸ਼ਾਮਲ ਹਨ, ਵਿਖੇ ਇਹ ਰਿਸੋਰਸ ਰੂਮ ਬਣਾਏ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸ. ਸੈਣੀ ਨੇ ਦੱਸਿਆ ਕਿ ਇੱਕ ਰਿਸੋਰਸ ਰੂਮ ਨੂੰ ਬਨਾਉਣ ‘ਤੇ 2 ਲੱਖ ਰੁਪਏ ਖਰਚ ਆਇਆ ਹੈ ਅਤੇ 28 ਸਕੂਲਾਂ ‘ਚ ਇਨ੍ਹਾਂ ਕਮਰਿਆਂ ਦੀ ਉਸਾਰੀ ‘ਤੇ ਕੁੱਲ 56 ਲੱਖ ਰੁਪਏ ਖਰਚੇ ਗਏ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸ. ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ 28 ਰਿਸੋਰਸ ਬਣਾਉਣ ਦੇ ਨਾਲ ਹਰ ਸਕੂਲ ਦੇ ਇਸ ਵਿਸ਼ੇਸ਼ ਕਮਰੇ ਲਈ ਸਿੱਖਿਆ ਵਿਭਾਗ ਵੱਲੋਂ 70 ਹਜਾਰ ਰੁਪਏ ਦਾ ਸਮਾਨ ਅਪਾਹਜ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਮੁਹੱਈਆ ਕਰਾਇਆ ਗਿਆ ਹੈ। ਉਨਾਂ ਦੱਸਿਆ ਕਿ ਰਿਸੋਰਸ ਕਮਰਿਆਂ ਵਿੱਚ ਬੋਲੇ ਬੱਚਿਆਂ ਲਈ ਸੁਣਨ ਦੀਆਂ ਮਸ਼ੀਨਾਂ, ਅਪਾਹਜ ਬੱਚਿਆਂ ਦੇ ਬੈਠਣ ਲਈ ਵਿਸ਼ੇਸ਼ ਤਰਾਂ ਦੀਆਂ ਕੁਰਸੀਆਂ, ਬਲੈਕ ਬੋਰਡ ਸਮੇਤ ਉਨ੍ਹਾਂ ਦੀ ਪੜ੍ਹਾਈ ਅਤੇ ਖੇਡਾਂ ਲਈ ਵੱਖ-ਵੱਖ ਤਰਾਂ ਦਾ ਸਮਾਨ ਉਪਲੱਬਧ ਕਰਾਇਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਰਿਸੋਰਸ ਰੂਮ ਬਣਨ ਨਾਲ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਰਕਾਰ ਦੇ ਇਨ੍ਹਾਂ ਯਤਨਾ ਸਦਕਾ ਇਹ ਵਿਦਿਆਰਥੀ ਵੀ ਪੜ੍ਹਾਈ ‘ਚ ਆਮ ਬੱਚਿਆਂ ਤੋਂ ਪਿੱਛੇ ਨਹੀਂ ਰਹਿਣਗੇ।
Punjab Post Daily Online Newspaper & Print Media