Friday, April 24, 2026

ਫਤਿਹਗੜ੍ਹ ਚੂੜੀਆਂ ਵਿਖੇ ਸਾਉਣੀਆਂ ਦੀਆਂ ਫਸਲਾਂ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ

PPN0905201505

ਬਟਾਲਾ, 8 ਮਈ (ਨਰਿੰਦਰ ਬਰਨਾਲ) – ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਗੁਰਦਾਸਪੁਰ ਵੱਲੋਂ ਫਤਿਹਗੜ੍ਹ ਚੂੜੀਆਂ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਪੰਜਾਬ ਸਰਕਾਰ ਦੇ ਆਦੇਸ਼ਾਂ ਹੇਠ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਲਗਾਏ ਇਸ ਕੈਂਪ ਵਿੱਚ ਡਾ. ਦੇਵਰਾਜ ਬਾਠ ਜ਼ਿਲ੍ਹਾ ਸਿਖਲਾਈ ਅਫਸਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ, ਜਦ ਕਿ ਕੈਂਪ ਦੀ ਪ੍ਰਧਾਨਗੀ ਡਾ. ਸਤਬੀਰ ਸਿੰਘ ਖੇਤੀਬਾੜੀ ਅਫਸਰ ਫਤਿਹਗੜ੍ਹ ਚੂੜੀਆਂ ਨੇ ਕੀਤੀ।ਇਸ ਮੌਕੇ ਡਾ. ਗੁਰਦੇਵ ਸਿੰਘ ਵਿਰਕ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਹੀਰਾ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸੰਤੋਖ ਰਾਜ ਸਹਾਇਕ ਗੰਨਾ ਵਿਕਾਸ ਅਫਸਰ, ਇੰਜ: ਮਲਕੀਅਤ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਖੇਤੀ ਵਿਸਥਾਰ ਅਫਸਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਦੇਵਰਾਜ ਬਾਠ ਨੇ ਕਿਹਾ ਖੇਤੀਬਾੜੀ ਦੇ ਕਿੱਤੇ ਨੂੰ ਲਾਹੇਵੰਦ ਬਨਾਉਣ ਲਈ ਜ਼ਰੂਰੀ ਹੈ ਕਿ ਖੇਤੀ ਸਹਾਇਕ ਧੰਦੇ ਅਪਣਾਏ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਘਟਾ ਕੇ ਹੋਰਨਾਂ ਫਸਲਾਂ ਹੇਠ ਲਿਆਉਣ ਲਈ ਫਸਲੀ ਵਿਭਿੰਨਤਾ ਪ੍ਰੋਗਰਾਮ ਚਲਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨੀ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
ਇਸ ਮੌਕੇ ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਅਕਤੂਬਰ ਮਹੀਨੇ ਵਿੱਚ ਹਵਾ ਵਿੱਚ ਨਮੀ ਵਧਨ ਕਾਰਨ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀ.ਆਰ. 124, ਪੀ.ਆਰ. 123, ਪੀ.ਆਰ. 121 ਅਤੇ ਪੀ.ਆਰ. 111 ਕਿਸਮਾਂ ਦੀ ਪਨੀਰੀ ਦੀ ਬਿਜਾਈ ਕਿਸੇ ਹਾਲਤ ਵਿੱਚ ਵੀ 15-20 ਮਈ ਤੋਂ ਪਹਿਲਾਂ ਨਾ ਕੀਤੀ ਜਾਵੇ ਕਿਉਕਿ ਇਹਨਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲਵਾਈ 25 ਜੂਨ ਤੋਂ ਸੁਰੂ ਕੀਤੀ ਜਾਣੀ ਹੈ। ਉਨਾਂ ਕਿਹਾ ਕਿ ਜੇਕਰ ਇਨਾਂ ਕਿਸਮਾਂ ਦੀ ਪਨੀਰੀ ਦੀ ਬਿਜਾਈ ਜਾਂ ਲਵਾਈ ਸਿਫਾਰਸ ਕੀਤੇ ਸਮੇਂ ਤੋਂ ਪਹਿਲਾਂ ਕਰਾਂਗੇ ਤਾਂ ਪੈਦਾਵਾਰ ਦੇ ਮਿਆਰ ਅਤੇ ਪ੍ਰਤੀ ਏਕੜ ਝਾੜ ਦੋਨਾਂ ਤੇ ਹੀ ਮਾੜਾ ਅਸਰ ਪਵੇਗਾ। ਉਨਾਂ ਕਿਹਾ ਕਿ ਪੰਜਾਬ ਪੂਸਾ ਬਾਸਮਤੀ 1509 ਦੀ ਖ੍ਰੀਦ ਆਮ ਕਰਕੇ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਨਾਂ ਐਲਾਨ ਕਰ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ 1509 ਦੀ ਮੰਗ ਘੱਟ ਹੋਣ ਕਾਰਨ ਇਸ ਦੀ ਖ੍ਰੀਦ ਵੱਡੇ ਪੱਧਰ ਤੇ ਨਹੀਂ ਕਰਨਗੇ ਇਸ ਲਈ 1509 ਕਿਸਮ ਦੀ ਲਵਾਈ ਸੋਚ ਵਿਚਾਰ ਕੇ ਹੀ ਕਰਨੀ ਚਾਹੀਦੀ ਹੈ। ਉਨਾਂ ਕਿਸਾਨਾਂ ਨੁੰ ਨੈਸ਼ਨਲ ਪੈਨਸ਼ਨ ਸਕੀਮ ਅਪਨਾਉਣ ਲਈ ਪ੍ਰੇਰਿਤ ਵੀ ਕੀਤਾ।
ਕਿਸਾਨਾ ਨੂੰ ਸੰਬੋਧਨ ਹੁੰਦਿਆਂ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਮਜ਼ਦੂਰੀ ਦੇ ਸੰਕਟ ਦੇ ਹੱਲ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਂਵਾਂ ਜਾਣ ਤੋਂ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ, ਇਸ ਦੇ ਨਾਲ ਹੀ ਮਜ਼ਦੂਰੀ ਅਤੇ ਪੈਸੇ ਦੀ ਬੱਚਤ ਵੀ ਹੁੰਦੀ ਹੈ ।ਡਾ ਸਤਬੀਰ ਸਿੰਘ ਨੇ ਝੋਨੇ ਹੇਠੋਂ ਕੁਝ ਰਕਬਾ ਘੱਟ ਪਾਣੀ ਨਾਲ ਪੱਕਣ ਵਾਲੀਆਂ ਫਸਲਾਂ ਹੇਠ ਵੀ ਲਿਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਸਤ ਕਰਨੀ ਚਾਹੀਦੀ ਤਾਂ ਜੋ ਪ੍ਰਤੀ ਏਕੜ ਮੱਕੀ ਦੀ ਪੈਦਾਵਾਰ ਵਧਾਈ ਜਾ ਸਕੇ। ਡਾ ਸੰਤੋਖ ਰਾਜ ਨੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਡਾਇਆ ਖਾਦ ਪਾਈ ਗਈ ਹੋਵੇ ਤਾਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਡਾਇਆ ਖਾਦ ਨਹੀਂ ਚਾਹੀਦੀ।ਇੰਜ. ਮਲਕੀਤ ਸਿੰਘ ਨੇ ਵੱਖ ਵੱਖ ਸਕੀਮਾਂ ਤਹਿਤ ਸਬਸਿਡੀ ਤੇ ਦਿੱਤੇ ਜਾ ਰਹੇ ਖੇਤੀ ਸੰਦ, ਉਨਾਂ ਦੀ ਵਰਤੋਂ ਅਤੇ ਸਾਂਭ ਸੰਭਾਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ. ਹੀਰਾ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੀ ਖਾਦ ਲਈ ਜੰਤਰ ਦਾ ਬੀਜ ਅਤੇ ਜਿੰਕ ਸਲਫੇਟ ਸਬਸਿਡੀ ਤੇ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾ. ਗੁਰਦੇਵ ਸਿੰਘ ਸਲਾਹਕਾਰ ਰਤਨ ਟਾਟਾ ਟਰੱਸਟ, ਏ.ਡੀ.ਓ. ਡਾ. ਦਿਲਬਾਗ ਸਿੰਘ ਨੇ ਵੀ ਕਿਸਾਨਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਗਾਂਹਵਧੂ ਕਿਸਾਨ ਬਲਦੇਵ ਸਿੰਘ ਦਬੁਰਜੀ, ਜਸਵੰਤ ਸਿੰਘ ਨਾਸਰਕੇ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ ਠੱਠਾ ਅਤੇ ਦਲਜੀਤ ਸਿੰਘ ਠੱਠਾ ਨੇ ਵੀ ਆਪਣੇ ਖੇਤੀ ਤਜ਼ਰਬਿਆਂ ਨੂੰ ਹੋਰ ਕਿਸਾਨਾਂ ਨਾਲ ਸਾਂਝਿਆਂ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply