
ਅੰਮ੍ਰਿਤਸਰ, 8 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ , ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਅਤੇ ਯੂਨੀਵਰਸਿਟੀ ਸਮੂਹ ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਡੀਨ, ਵਿਦਿਅਕ ਮਾਮਲੇ, ਪ੍ਰੋਫੈਸਰ ਐਮ.ਐਸ. ਹੁੰਦਲ ਦੇ ਬੇਵਕਤ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਹੁੰਦਲ ਦਾ ਅੱਜ 8 ਮਈ ਨੂੰ ਦਿੱਲੀ ਵਿਖੇ ਦੇਹਾਂਤ ਹੋ ਗਿਆ ਸੀ।
ਪ੍ਰੋਫੈਸਰ ਬਰਾੜ ਨੇ ਆਪਣੇ ਸ਼ੋਕ ਸੰਦੇਸ਼ ਦੌਰਾਨ ਪ੍ਰੋ. ਐਮ.ਐਸ. ਹੁੰਦਲ ਦੀਆਂ ਯੂਨੀਵਰਸਿਟੀ ਨੂੰ ਦਿੱਤੀਆਂ ਵੱਡਮੁਲੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਇਸ ਨੂੰ ਕਦੀ ਨਾ ਪੁੂਰਾ ਹੋਣ ਵਾਲਾ ਘਾਟਾ ਦੱਸਿਆ। ਪ੍ਰੋਫੈਸਰ ਬਰਾੜ ਨੇ ਕਿਹਾ ਕਿ ਪ੍ਰੋ. ਹੁੰਦਲ ਇਕ ਇਮਾਨਦਾਰ ਅਤੇ ਮਿਹਨਤੀ ਕੈਮਿਸਟਰੀ ਵਿਸ਼ੇ ਦੇ ਵਿਦਵਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਾਹਿਰ ਸਨ। ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਪ੍ਰੋ. ਹੁੰਦਲ ਨੂੰ ਇਕ ਵਧੀਆ ਦੋਸਤ ਅਤੇ ਪ੍ਰਤੀਬੱਧ ਵਿਦਵਾਨ ਕਿਹਾ। ਪ੍ਰੋ. ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰੋ. ਹੁੰਦਲ ਇਕ ਵਧੀਆ ਸਿਖਿਆ ਸ਼ਾਸਤਰੀ ਅਤੇ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਈਆਂ। ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਨੇ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ ਵੱਲੋਂ ਸ਼ੋਕ ਮਤਾ ਪੜ੍ਹਿਆ। ਸਮੂਹ ਯੂਨੀਵਰਸਿਟੀ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਵਿਚ ਪ੍ਰੋ. ਹੁੰਦਲ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 9 ਮਈ ਨੂੰ ਸਵੇਰੇ 11.00 ਵਜੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।
Punjab Post Daily Online Newspaper & Print Media