ਹੁਸਿਆਰਪੁਰ ਦੇ ਮਾਲ ਰੋਡ ਦਾ 30 ਲੱਖ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ
ਹੁਸ਼ਿਆਰਪੁਰ, 9 ਮਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ‘ਪੰਜਾਬ ਅਰਬਨ ਡਿਵੈਲਪਮੈਂਟ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਸਾਰੇ ਸ਼ਹਿਰਾਂ ਨੂੰ ਸਾਲ 2017 ਤੱਕ 100 ਪ੍ਰਤੀਸ਼ਤ ਜਲ ਸਪਲਾਈ, ਸੀਵਰੇਜ਼, ਸੜਕਾਂ ਤੇ ਸਟਰੀਟ ਲਾਈਟਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 12 ਦੀ ਗਲੀ (ਨੇੜੇ ਅਮਨ ਹਸਪਤਾਲ) ਨੂੰ ਪੱਕਾ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ 16 ਲੱਖ ਰੁਪਏ ਦੀ ਲਾਗਤ ਨਾਲ ਇਸ ਗਲੀ ਤੋਂ ਇਲਾਵਾ ਮੁਹੱਲਾ ਬਸੰਤ ਨਗਰ, ਪ੍ਰੀਤ ਨਗਰ ਦੀਆਂ ਗਲੀਆਂ ਨੂੰ ਵੀ ਪੱਕਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਸੜਕਾਂ ਦੇ ਨਿਰਮਾਣ ਅਤੇ ਹੋਰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਲੋਕਾਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਸ੍ਰੀ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਮਾਲ ਰੋਡ ਨੂੰ ਹੋਰ ਵਧੀਆ ਦਿਖ ਦੇਣ ਲਈ 30 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਅਤੇ ਪੂਰੀ ਟੀਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਆਪਣੀ ਨਿਗਰਾਨੀ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਨ ਬਜਾਰਾਂ ਵਿੱਚ ਆਵਾਜਾਈ ਦੇ ਵਾਧੇ ਨੂੰ ਠੱਲ ਪਾਉਣ ਲਈ ਵਿਸ਼ੇਸ਼ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਕੰਮ ਲਈ ਪਾਰਕਿੰਗ ਵਾਲੀਆਂ ਥਾਵਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਜਲਦ ਹੀ ਇਸ ਸਬੰਧੀ ਸਹੂਲਤ ਆਮ ਲੋਕਾਂ ਨੂੰ ਮੁਹੱਈਆ ਹੋਵੇਗੀ। ਸ੍ਰੀ ਸੂਦ ਨੇ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਦੱਸਿਆ ਕਿ ਇਸ ਸਬੰਧੀ ਇੱਕ ਪ੍ਰੋਜੈਕਟ ਤਿਆਰ ਕਰ ਲਿਆ ਗਿਆ ਹੈ ।ਨਗਰ ਨਿਗਮ ਦੇ ਮੇਅਰ ਸ੍ਰੀ ਸ਼ਿਵ ਸੂਦ ਨੇ ਇਸ ਮੌਕੇ ‘ਤੇ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਪੈਂਦੇ ਮੁਹੱਲਿਆਂ ਨੂੰ ਬੇਹਤਰੀ ਬੁਨਿਆਦੀ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਜਾਰੀ ਹਨ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ 5 ਹੋਰ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਸ਼ਹਿਰ ਦੀ ਸਫ਼ਾਈ ਰੱਖਣ ਲਈ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਆਪਣਾ ਸਹਿਯੋਗ ਦੇਣ ਅਤੇ ਕੂੜਾ ਕਰਕਟ ਨਿਰਧਾਰਤ ਥਾਵਾਂ ਤੇ ਹੀ ਸੁਟਣ। ਜਨਰਲ ਸੈਕਟਰੀ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।ਕਮਿਸ਼ਨਰ ਨਗਰ ਨਿਗਮ ਸ੍ਰੀ ਅਨੰਦ ਸਾਗਰ ਸ਼ਰਮਾ, ਐਸ ਈ ਪਵਨ ਸ਼ਰਮਾ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਏ ਐਮ ਈ ਹਰਪ੍ਰੀਤ ਸਿੰਘ, ਐਸ ਡੀ ਓ ਕੁਲਦੀਪ, ਪ੍ਰਧਾਨ ਜਿਲ੍ਹਾ ਭਾਜਪਾ ਅਨੰਦਵੀਰ ਸਿੰਘ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਾਰਡ ਨੰ: 12 ਦੇ ਕੌਂਸਲਰ ਕੁਲਵੰਤ ਸਿੰਘ ਸੈਣੀ, ਕੌਂਸਲਰ ਨਿਪੁੰਨ ਸ਼ਰਮਾ, ਕੌਂਸਲਰ ਮਲਕੀਤ ਸਿੰਘ, ਗਿਆਨ ਬਾਂਸਲ, ਰਾਮ ਦੇਵ ਯਾਦਵ, ਯਸ਼ਪਾਲ ਸ਼ਰਮਾ, ਵਿਜੇ ਸੂਦ, ਵਿਨੋਦ ਪਰਮਾਰ, ਮਨਜਿੰਦਰ ਸਿੰਘ ਸਿਆਨ, ਨਰਿੰਦਰ ਕੌਰ, ਪ੍ਰਸ਼ੋਤਮ ਸਿੰਘ ਸੋਢੀ, ਅਮਰਜੀਤ ਸਿੰਘ ਲਾਡੀ, ਐਸ ਡੀ ਓ ਮਹਿੰਦਰ ਸਿੰਘ, ਨਿਰਮਲ ਸਿੰਘ, ਕਿਸ਼ਨ ਲਾਲ, ਹਕੂਮਤ ਰਾਏ, ਰਾਮ ਰਤਨ, ਬੇਅੰਤ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ, ਪਰਮਿੰਦਰ ਰਾਜਾ, ਕੁਲਦੀਪ ਸਿੰਘ, ਨਿਰਮਲ ਸਿੰਘ, ਸ੍ਰੀ ਅਨੰਦ, ਮੁਨੀਸ਼ ਕੁਮਾਰ, ਨਿਤਿਨ ਮਲਹੋਤਰਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media