ਪਿਗਰੀ ਦਾ ਕਿੱਤਾ ਖੇਤੀ ਨਾਲੋਂ ਤਿੰਨ ਗੁਣਾ ਵੱਧ ਲਾਹੇਵੰਦਾ

ਬਟਾਲਾ, 12 ਮਈ (ਨੰਿਰੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਪ੍ਰਤੀ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੇਂ ਸਮੇਂ ਤੇ ਪਸ਼ੂ ਪਾਲਣ ਵਿਭਾਗ ਦੁਆਰਾ ਚਲਾਈਆਂ ਸਕੀਮਾਂ ਤਹਿਤ ਪਸ਼ੂਆਂ ਦੀ ਦੇਖ ਰੇਖ ਲਈ ਵਧੇਰੇ ਕਰਜ਼ੇ ਦਿੱਤੇ ਜਾਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਆਰ.ਕੇ.ਵੀ.ਵਾਈ ਸਕੀਮ ਤਹਿਤ ਪਿਗਰੀ ਫਾਰਮ ਦੇ ਕਿੱਤੇ ਲਈ ਰਾਜ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਜਨਰਲ ਵਰਗ ਦੇ ਪਸ਼ੂ ਪਾਲਕਾਂ ਨੂੰ 25 ਫ਼ੀਸਦੀ, ਜਦਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਿਗਰੀ ਦਾ ਧੰਦਾ ਕਰਨ ਵਾਲੇ ਪਸ਼ੂ ਪਾਲਕਾਂ ਨੂੰ 33 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਿਗਰੀ ਦਾ ਯੂਨਿਟ ਲਗਾਉਣ ਲਈ ਕੁੱਲ 6 ਲੱਖ ਰੁਪਏ ਦਾ ਕਰਜ਼ਾ ਬੈਂਕ ਤੋੋਂ ਦਿਵਾਇਆ ਜਾਂਦਾ ਹੈ। ਸ. ਦੇਸਰਾਜ ਸਿੰਘ ਧੁੱਗਾ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਿਗਰੀ ਦੇ ਕਿੱਤੇ ਨੂੰ ਅਪਨਾਉਣ ਅਤੇ ਰਾਜ ਸਰਕਾਰ ਵੱਲੋਂ ਸਬਸਿਡੀ ਸਕੀਮ ਦਾ ਲਾਹਾ ਲੈਣ ਦਾ ਸੁਨੇਹਾ ਦਿੱਤਾ ਹੈ।
ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਕਿਸਾਨ ਭਰਾ ਸੂਰਾਂ ਦੇ ਫਾਰਮ ਦੇ ਨਾਲ ਸੰਯੁਕਤ ਮੱਛੀ ਫਾਰਮ ਵੀ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਯੁਕਤ ਮੱਛੀ ਫਾਰਮ ਤੋਂ ਭਾਵ ਮੱਛੀ ਫਾਰਮ ਦੇ ਨਾਲ ਹੋਰ ਸਹਾਇਕ ਧੰਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਗਰੀ ਫਾਰਮ ਅੰਦਰ ਇੰਡੋ ਕੈਨੀਡੀਅਨ ਲਾਰਜ਼ ਵਾਈਟ ਯਾਰਕ ਸਾਇਰ ਨਸ਼ਲ ਦੇ ਸੂਰ ਰੱਖੇ ਜਾ ਸਕਦੇ ਹਨ ਜੋ ਕਿ ਕਰੀਬ 8 ਮਹੀਨੇ ਦੇ ਅੰਦਰ-ਅੰਦਰ 1 ਕੁਇੰਟਲ ਦਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੂਰ ਪਾਲਣ ਦੇ ਚਾਹਵਾਨ ਕਿਸਾਨ ਗਡਵਾਸੂ ਯੂਨੀਵਰਸਿਟੀ ਲੁਧਿਆਣਾ ਤੋੋਂ ਸਿਖਲਾਈ ਲੈਣ ਦੇ ਨਾਲ ਉਥੋਂ ਸੂਰ ਦੇ ਬੱਚੇ ਖਰੀਦ ਸਕਦੇ ਹਨ। ਪਿਗਰੀ ਦੀ ਨਸ਼ਲ ਅੰਦਰ ਹਰ 6 ਮਹੀਨੇ ਵਿੱਚ ਦੋ ਵਾਰ ਬੱਚਿਆਂ ਦੀ ਪੈਦਾਵਾਰ ਹੁੰਦੀ ਹੈ ਅਤੇ ਪਿਗਰੀ ਦੀ ਫੀਡ ਅਤੇ ਹੋਰ ਖਰਚੇ ਕੱਢ ਕੇ ਇਕ ਸਾਲ ਅੰਦਰ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪਿਗਰੀ ਦਾ ਮਲ ਮੂਤਰ ਮੱਛੀਆਂ ਦੇ ਟੈਂਕ ਵਿੱਚ ਸਿਫਟ ਕੀਤਾ ਜਾ ਸਕਦਾ ਹੈ ਜੋ ਕਿ ਮੱਛੀਆਂ ਨੂੰ ਫੀਡ ਦਾ ਕੰਮ ਕਰਦਾ ਹੈ ਜਿਸਦੇ ਨਾਲ ਮੱਛੀਆ ਦੀ ਫੀਡ ਤੇ ਆਉਣ ਵਾਲੇ ਖਰਚੇ ਦੀ ਬਚਤ ਵੀ ਹੁੰਦੀ ਹੈ।
ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਸੂਰ ਪਾਲਣ ਤੇ ਮੱਛੀ ਪਾਲਣ ਦੇ ਕਿੱਤੇ ਬਹੁਤ ਹੀ ਲਾਹੇਵੰਦੇ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਧੰਦਿਆਂ ਨੂੰ ਅਪਨਾਅ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪੱਧਰ ‘ਤੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media