
ਬਟਾਲਾ, 12 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਦਾ ਵਾਅਇਦਾ ਨਿਭਾਉਂਦਿਆਂ 1608.44 ਕਰੋੜ ਰੁਪਏ ਖਰਚ ਕੇ ਪਿੰਡਾਂ ਅਤੇ ਢਾਣੀਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਇਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 205.52 ਕਰੋੜ ਰੁਪਏ ਖਰਚ ਕਰਕੇ 1794 ਪਿੰਡਾਂ ‘ਚ ਆਰ.ਓ. ਪਲਾਂਟ ਲਗਾਏ ਹਨ ਤਾਂ ਜੋ ਜਿਨ੍ਹਾਂ ਪਿੰਡਾਂ ਦਾ ਜ਼ਮੀਨ ਹੇਠਲਾ ਪਾਣੀ ਦੂਸਿਤ ਹੋ ਗਿਆ ਹੈ ਉਨ੍ਹਾਂ ਨੂੰ ਵੀ ਸਾਫ ਤੇ ਸ਼ੁੱਧ ਪਾਣੀ ਦਿੱਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਰੋਤ ਪ੍ਰਬੰਧ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਦੀ 100 ਫੀਸਦੀ ਵਸੋਂ ਨੂੰ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਨੇ ਪੰਜਾਬ ਵਿੱਚ ਜਲ ਸਪਲਾਈ ਯੋਜਨਾ ਲਈ 1500 ਕਰੋੜ ਰੁਪਏ ਮਨਜੂਰ ਕਰ ਲਏ ਹਨ ਅਤੇ ਰਾਜ ਦਾ ਹਰ ਪਿੰਡ ਸ਼ੁੱਧ ਪਾਣੀ ਦੀ ਸਹੂਲਤ ਨਾਲ ਜੁੜ ਜਾਵੇਗਾ।
ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਵੱਚਤਾ ਮੁਹਿੰਮ ਤਹਿਤ ਆਪਣੇ ਇਸ ਕਾਰਜਕਾਲ ਦੌਰਾਨ 50 ਕਰੋੜ ਰੁਪਏ ਖਰਚ ਕੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ 42126 ਪਖਾਨੇ ਬਣਾਏ ਗਏ ਹਨ। ਇਸ ਤੋਂ ਇਲਾਵਾ 50.77 ਕਰੋੜ ਰੁਪਏ ਖਰਚ ਕਰਕੇ ਗਰੀਬ ਪਰਿਵਾਰਾਂ ਦੇ 12336 ਮਕਾਨ ਨਵੇਂ ਬਣਾਉਣ ਦੇ ਨਾਲ ਮੁਰੰਮਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ 162 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਉਨ੍ਹਾਂ ਨੂੰ ਚੌੜਿਆਂ ਤੇ ਢੂੰਘੇ ਕੀਤਾ ਗਿਆ ਹੈ ਤਾਂ ਜੋ ਪਿੰਡਾਂ ‘ਚ ਗੰਦੇ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਨਾ ਆਵੇ।
ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾ ਵਾਲੀਆਂ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹਰ ਪਿੰਡ ‘ਚ ਸਿੱਖਿਆ ਤੇ ਸਿਹਤ ਵਰਗੀਆਂ ਅਹਿਮ ਸੇਵਾਵਾਂ ਵੀ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਪਿੰਡਾਂ ਦਾ ਸਰਬਪੱਖੀ ਵਿਕਾਸ ਰਾਜ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਆਉਂਦੇ ਸਮੇਂ ‘ਚ ਸੂਬੇ ਦਾ ਹਰ ਪਿੰਡ ਸਹੂਲਤਾਂ ਦੇ ਪੱਖ ਤੋਂ ਇੱਕ ਮਿਸਾਲੀ ਪਿੰਡ ਹੋਵੇਗਾ।
Punjab Post Daily Online Newspaper & Print Media