ਹਲਾਲ ਮਾਸ ਵਰਤਾਉਣਾ ਹਿੰਦੂ ਤੇ ਸਿੱਖ ਧਰਮ ਨਾਲ ਧੋਖਾ ਹੈ – ਉਸਤਾਦ ਮੁਹੰਮਦ ਅਲੀ ਖਾਨ

ਜੰਡਿਆਲਾ ਗੁਰੁ, 23 ਮਈ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਜੀ.ਟੀ.ਰੋਡ ਤੇ ਸਥਿਤ ਪਿੰਡ ਮੱਲ੍ਹੀਆਂ ਦੇ ਇੱਕ ਵਿਅਕਤੀ ਵੱਲੋਂ ਬਣਾਏ ਡੇਰੇ ਤੇ ਲੱਗਦੇ ਮੇਲੇ ‘ਤੇ ਸਿੱਖਾਂ ਤੇ ਹਿੰਦੂਆਂ ਦਾ ਧਰਮ ਭ੍ਰਿਸ਼ਟ ਕੀਤਾ ਜਾਂਦਾ ਹੈ।ਪੱਤਰਕਾਰਾਂ ਦੀ ਟੀਮ ਵੱਲੋਂ ਇਸ ਡੇਰੇ ਤੇ ਪਹੁੰਚ ਕੇ ਡੇਰੇ ਦੇ ਮੁਖੀ ਬਣੇ ਕੁਲਦੀਪ ਸਿੰਘ ਪੁੱਤਰ ਜਗਜੀਤ ਸਿੰਘ ਪਾਸੋਂ ਪੁੱਛ-ਪੜਤਾਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਸੁਲਤਾਨਵਿੰਡ ਦਾ ਰਹਿਣਾ ਵਾਲਾ ਸੀ ਅਤੇ ਮੱਲ੍ਹੀਆਂ ਵਿੱਚ ਜਮੀਨ ਖਰੀਦੀ ਗਈ ਸੀ।ਉਸ ਦੀਆਂ ਪਿਛਲੀਆਂ ਪੀੜੀਆਂ ਤੋਂ ਲੱਖ ਦਾਤੇ ਦਾ ਚਿਰਾਗ ਜਗਾਉਂਦੇ ਸਨ ਅਤੇ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ।
ਉਸ ਨੇ ਕਿਹਾ ਕਿ ਉਨਾਂ ਦਾ ਚਿਸ਼ਤੀ ਨਿਜ਼ਾਮੀ ਖਾਨਦਾਨ ਨਾਲ ਸਬੰਧ ਹੈ ਤੇ ਇੱਥੇ ਚਿਰਾਗ ਜਗਾਉਂਦਾ ਹੈ ਅਤੇ ਰੱਬ ਦਾ ਨਾਮ ਲੈਂਦਾ ਹੈ । ਹਰ ਸਾਲ 10 ਜੇਠ ਨੂੰ ਮੇਲਾ ਮਨਾਇਆ ਜਾਂਦਾ ਹੈ ਅਤੇ ਇਸਲਾਮ ਧਰਮ ਮੁਤਾਬਕ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ।ਹਲਾਲ ਕੀਤੇ ਜਾਂਦੇ ਹਨ ਅਤੇ ਮਾਸ ਲੰਗਰ ਵਿੱਚ ਵਰਤਦਾ ਰਿਹਾ ਹੈ।ਉਸ ਨੇ ਕਿਹਾ ਕਿ ਜੇ ਚਿਰਾਗ ਨਹੀਂ ਜਗਾਉਂਦਾ ਤਾਂ ਕਮਲਾ ਹੋ ਜਾਂਦਾ ਹੈ। ਮਜਬੂਰੀ ਕਾਰਨ ਉਸਨੂੰ ਸਭ ਕੱਝ ਕਰਨਾ ਪੈਂਦਾ ਹੈ।
ਪਰ ਉਸ ਸਮੇਂ ਬਾਬਾ ਖੁਦ ਹੀ ਸਵਾਲਾਂ ਵਿੱਚ ਘਿਰ ਗਿਆ ਜਦ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਅੰਮ੍ਰਿਤਧਾਰੀ ਸੀ ਅਤੇ ਉਸ ਦੇ ਭਰਾ ਵੀ ਅੰਮ੍ਰਿਤਧਾਰੀ ਹਨ ਤੇ ਤਰਨਾ ਦਲ੍ਹ ਦੇ ਨਿਹੰਗ ਸਿੰਘਾਂ ਦੇ ਕਹਿਣ ‘ਤੇ ਅੰਮ੍ਰਿਤ ਛਕ ਲਿਆ ਸੀ ਅਤੇ ਚਿਰਾਗ ਵੀ ਜਗਾਉਂਦਾ ਸੀ।ਉਸ ਦੀ ਮਾਤਾ ਦਾ ਦਿਹਾਂਤ ਹੋਣ ਤੇ ਉਸ ਨੂੰ ਸਤਿਕਾਰ ਕਮੇਟੀ ਵੱਲੋਂ ਅਖੰਡ ਪਾਠ ਰੱਖਣ ਨਹੀਂ ਦਿੱਤਾ ਗਿਆ ਸੀ, ਤਾਂ ਉਸ ਨੇ ਕਹਿ ਦਿੱਤਾ ਸੀ ਕਿ ਉਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ।ਹੁਣ ਇੱਕ ਡੇਰਾ ਬਣ ਚੁੱਕਾ ਹੈ ਜਿੱਥੇ ਅੰਧ ਵਿਸ਼ਵਾਸ ਵਿੱਚ ਗ੍ਰਸਤ ਲੋਕ ਦੂਰ ਦੁਰਾਡੇ ਤੋਂ ਚੌਂਕੀਆਂ ਭਰਨ ਆਉਂਦੇ ਹਨ।ਬਾਬੇ ਕੁਲਦੀਪ ਸਿੰਘ ਵੱਲੋਂ ਆਪਣੇ ਉਸਤਾਦ ਮੁਹੰਮਦ ਅਲੀ ਖਾਨ ਚਿਸਤੀ ਮੋਗੇ ਵਾਲੇ ਨਾਲ ਫੋਨ ਤੇ ਗੱਲ ਕਰਵਾਈ ਗਈ ਤਾਂ ਉਸ ਨੇ ਮੰਨਿਆ ਕਿ ਇਸ ਤਰਾਂ ਲੰਗਰ ਹਲਾਲ ਦਾ ਮਾਸ ਵਰਤਾਉਣਾ ਸਿੱਖ ਅਤੇ ਹਿੰਦੂਆਂ ਨਾਲ ਧੋਖਾ ਹੈ, ਅੱਗੇ ਤੋਂ ਇਸ ਤਰਾਂ ਮੇਲੇ ਤੇ ਮਾਸ ਵਰਤਾਉਣਾ ਬੰਦ ਕਰ ਦਿੱਤਾ ਜਾਵੇਗਾ, ਬਿਲਕੁੱਲ ਸਾਦਾ ਲੰਗਰ ਚੱਲੇਗਾ।
ਪਰ ਕੀ ਇਸ ਅੰਧ ਵਿਸ਼ਵਾਸ ਵਿੱਚ ਜਕੜੇ ਭੂਤਾਂ ਪ੍ਰੇਤਾਂ ਦੇ ਚੱਕਰ ਵਿੱਚ ਇਨਾਂ ਡੇਰਿਆਂ ਤੇ ਚੌਂਕੀਆਂ ਭਰਨ ਵਾਲੇ ਆਪਣੀ ਮਾਨਸਿਕ, ਆਰਥਿਕ ਅਤੇ ਸਮਾਜਿਕ ਲੁੱਟ ਕਰਵਾਉਂਦੇ ਧੋਖੇ ਵਿੱਚੋਂ ਕਦੋਂ ਬਾਹਰ ਨਿਕਲਣਗੇ? ੀੲਹ ਵੀ ਦੇਖਣ ਵਿੱਚ ਆਇਆ ਕਿ ਲੋਕਾਂ ਨੂੰ ਆਪਣੀ ਜਕੜ ਵਿੱਚ ਫਸਾਉਣ ਲਈ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਡੇਰੇ ਦੇ ਬਾਹਰ ਲੱਗੀਆਂ ਹੋਈਆਂ ਸਨ।
Punjab Post Daily Online Newspaper & Print Media