
ਪਠਾਨਕੋਟ, 23 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਮੁਹਈਆ ਕਰਨ ਲਈ ਰਾਜ ਅੰਦਰ 6 ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿਖੇ ਖੋਲ੍ਹੇ ਗਏ ਹਨ।ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ, ਰਹਿਣ ਅਤੇ ਖਾਣ, ਵਰਦੀਆਂ, ਕਿਤਾਬਾਂ, ਸਟੇਸ਼ਨਰੀ ਅਤੇ ਸਪੈਸ਼ਲ ਟੀਚਿੰਗ ਮੁਹਈਆ ਕਰਵਾਈ ਜਾਂਦੀ ਹੈ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਸਿੱਖਿਆ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਕੁਆਲਿਟੀ ਐਜੂਕੇਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਅਧਿਆਪਕਾਂ ਦੇ ਭਾਸ਼ਣ ਮੁਕਾਬਲੇ ਕਰਵਾਉਣ ਸਬੰਧੀ ਐਵਲਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਆਯੋਜਿਤ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ਼੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਇਸ ਸੈਮੀਨਾਰ ਵਿੱਚ ਛੇ ਵਿਸ਼ਿਆ ਤੇ, ਨਾਰੀ ਸਸਕਤੀਕਣ ਵਿੱਚ ਸਿੱਖਿਆ ਦੀ ਭੂਮਿਕਾ, ਰਾਸ਼ਟਰ ਨਿਰਮਾਨ ਵਿੱਚ ਅਧਿਆਪਕ ਦਾ ਯੋਗਦਾਨ, 21ਵੀਂ ਸਦੀ ਵਿੱਚ ਸਿੱਖਿਆ ਨੀਤੀ ਦੀ ਸਾਰਥਕਤਾ, ਸਮਾਜਿਕ/ਨੈਤਿਕ ਚੇਤਨਾ ਰਹਿਤ ਸਿੱਖਿਆ ਕਿੰਨੀ ਸਾਰਥਕ, ਸਮਾਜਿਕ ਜਨ ਜਾਗਰਨ ਦਾ ਆਧਾਰ ਅਤੇ ਪਹਿਰੇਦਾਰ ਅਧਿਆਪਕ ਅਤੇ ਦੇਸ਼ ਹਿੱਤ ਵਿੱਚ ਸਿੱਖਿਆ ਦਾ ਸਵਰੂਪ ਕਿਵੇ ਦਾ ਹੋਵੇ? ਦੇ ਵਿਸ਼ੇ ‘ਤੇ ਅਧਿਆਪਕਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਜ਼ਿਲ੍ਹੇ ਦੇ 45 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਤਾਂ ਜੋ ਉਹ ਉੱਚੇਰੀ ਸਿੱਖਿਆ ਪ੍ਰਾਪਤ ਕਰਕੇ ਰਾਸ਼ਟਰ ਦੇ ਨਿਰਮਾਣ ਅਤੇ ਉਸਾਰੂ ਸਮਾਜ ਦੀ ਸਿਰਜਨਾ ਵਿੱਚ ਵੱਡਮੁਲਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਸ਼ਣ ਦੇਣ ਵਾਲੇ ਵੀ ਅਧਿਆਪਕ ਹਨ ਅਤੇ ਸ਼ਰੋਤੇ ਵੀ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਅਧਿਆਪਕਾਂ ਦੇ ਵਿਚਾਰਾਂ ਤੋਂ ਸਿੱਖਿਆ ਪ੍ਰਣਾਲੀ ਵਿੱਚ ਕੀ ਸੁਧਾਰ ਕਰਨ ਦੀ ਜ਼ਰੂਰਤ ਹੈ, ਬਾਰੇ ਵੀ ਪਤਾ ਚਲੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸੈਮੀਨਾਰ ਮੌਕੇ ਭਾਸ਼ਣ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਅਧਿਆਪਕ ਨੂੰ ਕ੍ਰਮਵਾਰ 21000, 11000 ਅਤੇ 5100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ) ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਸੈਮੀਨਾਰ ਵਿੱਚ ਭਾਸ਼ਣ ਮੁਕਾਬਲਿਆਂ ਦੀ ਸਹੀ ਜੱਜਮੈਂਟ ਲਈ ਚਾਰ ਸਿੱਖਿਆ ਮਹਿਰਾ ਦੀ ਇੱਕ ਟੀਮ ਬਣਾਈ ਗਈ ਹੈ। ਜਿਸ ਵਿੱਚ ਪ੍ਰੋ: ਨਰਿੰਦਰ ਅਵਸਥੀ ਡਾਇਰੈਕਟਰ ਹਿਮਾਚਲ ਇੰਸੀਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੱਜੀ, ਡਾ. ਸਮਰਿੰਦਰ ਸ਼ਰਮਾ ਪ੍ਰਿੰ: ਐਸ.ਡੀ. ਕਾਲਜ ਪਠਾਨਕੋਟ, ਸ਼੍ਰੀਮਤੀ ਵਿਨਿਤਾ ਮਹਾਜਨ ਪ੍ਰਿੰ: ਜੇ.ਐਮ.ਕੇ. ਪਬਲਿਕ ਸਕੂਲ ਪਠਾਨਕੋਟ ਅਤੇ ਮਨਜੀਤ ਮੱਲ ਪ੍ਰਿੰ: ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਟੀਚਰ ਅੱਜ ਆਪਣਾ ਭਾਸ਼ਣ ਨਹੀਂ ਦੇ ਸਕਣ, ਉਨ੍ਹਾਂ ਦੇ ਭਾਸ਼ਣ 27 ਮਈ ਨੂੰ ਇਸੇ ਸਥਾਨ ‘ਤੇ ਹੀ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਵਿਨੇ ਮਹਾਜਨ ਜ਼ਿਲ੍ਹਾ ਗਾਇਡੈਂਸ ਕੌਂਸਲਰ, ਰਾਮੇਸ਼ ਕੁਮਾਰ, ਚਮਨ ਲਾਲ ਭਗਤ, ਚੁੰਨੀ ਲਾਲ ਪਲਵਾਨ, ਸ਼ਮਸ਼ੇਰ ਸਿੰਘ, ਰੋਹਿਤ ਪੁਰੀ, ਵਿਜੇ ਕਾਟਲ(ਸਾਰੇ ਨਗਰ ਕੌਂਸਲਰ) ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media