Friday, November 22, 2024

ਪੰਜ ਸਿੰਘ ਸਾਹਿਬਾਨ ਨੇ ਇਕੱਤਰਤਾ ‘ਚ ਤਖਤ ਸ੍ਰੀ ਪਟਨਾ ਸਾਹਿਬ ਮਾਮਲਾ ਵਿਚਾਰਿਆ ਰਾਜਸਥਾਨ ਦੇ ਗੁ: ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਤਨਖਾਹੀਆ ਕਰਾਰ

 

ਅੰਮ੍ਰਿਤਸਰ, 27 ਜਨਵਰੀ (ਨਰਿੰਦਰ ਪਾਲ ਸਿੰਘ)- Photoਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤੱਰਤਾ ਵਿਚ ਪੰਜ ਸਿੰਘ ਸਾਹਿਬਾਨ ਨੇ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਦਰਮਿਆਨ ਵਿਵਾਦ ਤੇ ਸਿਰਫ ਵਿਚਾਰ ਹੀ ਕੀਤੀ, ਉਥੇ ਯੂ. ਕੇ ਵਿੱਚ ਸਿੱਖਾਂ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਦੇ ਹੱਲ ਕੱਢਣ ਦੀ ਜਿੰਮੇਵਾਰੀ ਸਿੱਖ ਕੌਂਸਲ ਯੂ. ਕੇ ਨੂੰ ਸੌਂਪੀ ਗਈ ਹੈ।ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜ੍ਹਤਾਲ ਨਾਲ ਸਬੰਧਤ ਲੁਧਿਆਣਾ ਤੋਂ ਛੱਪਦੇ ਇਕ ਪੰਜਾਬੀ ਅਖਬਾਰ ਵਿੱਚ ਲੱਗੇ ਇਕ ਇਸ਼ਤਿਹਾਰ ਦੀ ਸ਼ਬਦਾਵਲੀ ਪ੍ਰਤੀ ਸਬੰਧਤ ਗੁਰਦੁਆਰਾ ਸਾਹਿਬਾਨ ਤੇ ਅਖਬਾਰ ਦੇ ਪ੍ਰਬੰਧਕਾਂ ਪਾਸੋਂ ਸਪੱਸ਼ਟੀਕਰਨ ਮੰਗੇ ਜਾਣ ਦਾ ਫੈਸਲਾ ਲਿਆ ਗਿਆ ਹੈ।ਸਿੰਘ ਸਾਹਿਬਾਨ ਨੇ ਰਾਜਸਥਾਨ ਦੇ ਗੁਰਦੁਆਰਾ ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਵਲੋਂ ਪਿਤਾ ਪੁਰਖੀ ਟਰੱਸਟ ਭੰਗ ਨਾ ਕੀਤੇ ਜਾਣ ਕਾਰਣ ਕਮੇਟੀ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਯੂ. ਕੇ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਸਿੱਖ ਕੌਮ ਨੂੰ ਦਰਪੇਸ਼ ਧਾਰਮਿਕ ਤੇ ਸਮਾਜਿਕ ਮਸਲਿਆਂ ਦੇ ਹੱਲ ਲਈ ਸਿੱਖ ਕੌਂਸਲ ਨਾਮੀ ਜਥੇਬੰਦੀ ਦਾ ਗਠਿਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਨੇ ਇਸ ਸੰਸਥਾ ਨੂੰ ਸਿੱਖਾਂ ਨੂੰ ਦਰਪੇਸ਼ ਸਮੂੰਹ ਮਸਲੇ, ਧਾਰਮਿਕ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਦੀ ਰਾਏ ਨਾਲ ਹੱਲ ਕਰਨ ਲਈ ਕਿਹਾ ਹੈ, ਲੇਕਿਨ ਹਰ ਫੈਸਲੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੂਚਿਤ ਕਰਨਾ ਜਰੂਰੀ ਹੋਵੇਗਾ।ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ ਸਬੰਧਤ ਕੁੱਝ ਵਿਦੇਸ਼ੀ ਗੁਰਦੁਆਰਾ ਪ੍ਰੰਬਧਕ ਕਮੇਟੀਆਂ ਵਲੋਂ ਲੁਧਿਆਣਾ ਤੋਂ ਛੱਪਦੇ ਪੰਜਾਬੀ ਅਖਬਾਰ ‘ਪਹਿਰੇਦਾਰ’ ਦੇ ੧੮ ਦਸੰਬਰ ਦੇ ਅੰਕ ਵਿੱਚ ਜੋ ਇਸ਼ਤਿਹਾਰ ਛਪਿਆ ਸੀ ।ਉਨ੍ਹਾਂ ਦੱਸਿਆ ਕਿ ਇਸ ਇਸ਼ਤਿਹਾਰ ਵਿੱਚ ਸਤਿਕਾਰਯੋਗ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਪੰਥ ਦੇ ਸਤਿਕਾਰਤ ਰਾਗੀ ਸਿੰਘ, ਕਵੀਸ਼ਰੀ, ਕਥਾਵਾਚਕ, ਢਾਡੀ ਪ੍ਰਚਾਰਕ ਸਿੰਘਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਇਸਦੇ ਸਬੰਧ ਵਿਚ ਜਿਥੇ ਗੁਰਦੁਆਰਾ ਕਮੇਟੀ ਤੋਂ ਸਪੱਸ਼ਟੀਕਰਨ ਲਿਆ ਜਾਵੇਗਾ। ਉਥੇ ਛਾਪਣ ਵਾਲੇ ਅਖਬਾਰ ਦੇ ਪ੍ਰਬੰਧਕ ਵੀ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ।
ਵਿਦੇਸ਼ਾਂ ਵਿਚ ਕੁੱਝ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੇ ਲੱਗੀ ਰੋਕ ਸਬੰਧੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪ੍ਰਬੰਧਕ ਅਜਿਹੀ ਰੋਕ ਤੁਰੰਤ ਖਤਮ ਕਰਨ ਲੇਕਿਨ ਸੰਗਤਾਂ ਵੀ ਗੁਰਦੁਆਰਾ ਸਾਹਿਬ ਵਿੱਚ ਸ਼ਰਧਾ-ਭਾਵਨਾ ਨਾਲ ਦਰਸ਼ਨ ਕਰਨ ਤੇ ਪ੍ਰਬੰਧਕ ਕਮੇਟੀਆਂ ਦੀ ਸਹਿਯੋਗੀ ਬਨਣ।ਰਾਜਸਥਾਨ ਸਥਿਤ ਇਤਿਹਾਸਕ ਗੁਰਦੁਆਰਾ ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਨੂੰ ਅਕਤੂਬਰ ੨੦੧੨ ਵਿਚ ਪਿਤਾ-ਪੁਰਖੀ ਟਰੱੱੱਸਟ ਭੰਗ ਕਰਨ ਦੇ ਆਦੇਸ਼ਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਨਾਉਣ ਕਾਰਣ ਤਨਖਾਹੀਆ ਕਰਾਰ ਦਿੰਦਿਆ ੧੩ ਫਰਵਰੀ ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ।
ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਦਰਮਿਆਨ ਪੈਦਾ ਹੋਏ ਵਿਵਾਦ ਦਾ ਜਿਕਰ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਪੰਜ ਸਿੰਘ ਸਾਹਿਬਾਨ ਨੇ ਸਮੁਚੀ ਘਟਨਾ ਦੀ ਰਿਕਾਡਿੰਗ ਸੀ. ਡੀ ਮੰਗਵਾਈ ਹੈ ਤੇ ਉਹ ਵੇਖਣ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।ਸ਼੍ਰੋਮਣੀ ਕਮੇਟੀ ਦੁਆਰਾ ਇਸ ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਰਿਪੋਰਟ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਅਧੂਰੀ ਨਹੀ ਹੈ ।ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਸਤਿਕਾਰਤ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਗਿਆਨੀ ਇਕਬਾਲ ਸਿੰਘ ਦਾ ਥਾਣੇ ਜਾ ਕੇ ਪ੍ਰਬੰਧਕਾਂ ਖਿਲਾਫ ਐਫ. ਆਈ. ਆਰ ਲਿਖਾਉਣੀ ਗਲਤ ਹੈ, ਸੋਭਾ ਨਹੀ ਦਿੰਦਾ ।
ਇਸ ਤੋਂ ਪਹਿਲਾਂ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ, ਪੰਜ ਸਿੰਘ ਸਾਹਿਬਾਨ ਦੀ ਚੱਲ ਰਹੀ ਇਕੱਤਰਤਾ ਵਿੱਚ ਪੁੱਜੇ ਤੇ ਕੋਈ ਇਕ ਘੰਟਾ ਦੇ ਕਰੀਬ ਉਥੇ ਰਹੇ।ਭਾਵੇਂ ਸ਼੍ਰੌਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਸਾਹਿਬ ਨੇ ਸ੍ਰ. ਮੱਕੜ ਦੀ ਇਸ ਸ਼ਮੂਲੀਅਤ ਦਾ ਵੇਰਵਾ ਨਹੀ ਦਿੱਤਾ ਲੇਕਿਨ ਸ੍ਰ. ਮੱਕੜ ਦੀ ਇਹ ਫੇਰੀ ਕੋਈ ਅਚਨਚੇਤ ਨਹੀ ਮੰਨੀ ਜਾ ਰਹੀ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply